
10 ਨੁਕਾਤੀ ਹਦਾਇਤਾਂ ਜਾਰੀ, ਘਰੇਲੂ ਕ੍ਰਿਕਟ ਲਾਜ਼ਮੀ, ਪਰਵਾਰ ਦੇ ਦੌਰੇ ’ਤੇ ਪਾਬੰਦੀ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੀਰਵਾਰ ਨੂੰ ਕੌਮੀ ਕ੍ਰਿਕਟ ਟੀਮ ’ਚ ਅਨੁਸ਼ਾਸਨ ਅਤੇ ਇਕਜੁੱਟਤਾ ਨੂੰ ਉਤਸ਼ਾਹਤ ਕਰਨ ਲਈ 10 ਨੁਕਾਤੀ ਨੀਤੀ ਜਾਰੀ ਕੀਤੀ, ਜਿਸ ’ਚ ਘਰੇਲੂ ਕ੍ਰਿਕਟ ’ਚ ਲਾਜ਼ਮੀ ਖੇਡਣਾ, ਦੌਰਿਆਂ ’ਤੇ ਪਰਵਾਰ ਅਤੇ ਨਿੱਜੀ ਸਟਾਫ ਦੀ ਮੌਜੂਦਗੀ ’ਤੇ ਪਾਬੰਦੀ ਅਤੇ ਸੀਰੀਜ਼ ਦੌਰਾਨ ਨਿੱਜੀ ਸਮਰਥਨ ’ਤੇ ਪਾਬੰਦੀ ਵਰਗੇ ਕਈ ਉਪਾਅ ਸ਼ਾਮਲ ਹਨ।
ਨੀਤੀ ਦੀ ਪਾਲਣਾ ਕਰਨ ’ਚ ਅਸਫਲ ਰਹਿਣ ਵਾਲੇ ਖਿਡਾਰੀਆਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ, ਜਿਸ ’ਚ ਕੇਂਦਰੀ ਇਕਰਾਰਨਾਮੇ ਤੋਂ ਉਨ੍ਹਾਂ ਦੀ ਰਿਟੇਨਰ ਫੀਸ ’ਚ ਕਟੌਤੀ ਅਤੇ ਆਕਰਸ਼ਕ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ’ਚ ਹਿੱਸਾ ਲੈਣ ਤੋਂ ਰੋਕਣਾ ਸ਼ਾਮਲ ਹੈ। ਇਹ ਹੁਕਮ ਆਸਟਰੇਲੀਆ ਦੌਰੇ ’ਤੇ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਐਲਾਨੇ ਗਏ ਸਨ, ਜਿਸ ਤੋਂ ਪਹਿਲਾਂ ਨਿਊਜ਼ੀਲੈਂਡ ਵਿਰੁਧ ਘਰੇਲੂ ਸੀਰੀਜ਼ ’ਚ ਵੀ ਸਫਾਇਆ ਹੋਇਆ ਸੀ।
ਬੋਰਡ ਨੇ ਵਿਦੇਸ਼ੀ ਦੌਰਿਆਂ ਦੌਰਾਨ ਖਿਡਾਰੀਆਂ ਦੇ ਨਾਲ ਜਾਣ ਲਈ ਪਰਵਾਰਾਂ ਲਈ ਸਿਰਫ ਦੋ ਹਫ਼ਤਿਆਂ ਦੀ ਮਿਆਦ ਨੂੰ ਮਨਜ਼ੂਰੀ ਦਿਤੀ ਹੈ, ਇਸ ਤੋਂ ਇਲਾਵਾ ਨਿੱਜੀ ਸਟਾਫ ਅਤੇ ਵਪਾਰਕ ਫੋਟੋ ਸ਼ੂਟ ’ਤੇ ਪਾਬੰਦੀ ਲਗਾਈ ਹੈ। ਬੋਰਡ ਦੀ ਨੀਤੀ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਕਿਸੇ ਵੀ ਅਪਵਾਦ ਨੂੰ ਚੋਣ ਕਮੇਟੀ ਦੇ ਚੇਅਰਮੈਨ ਅਤੇ ਮੁੱਖ ਕੋਚ ਵਲੋਂ ਪਹਿਲਾਂ ਤੋਂ ਮਨਜ਼ੂਰੀ ਦਿਤੀ ਜਾਣੀ ਚਾਹੀਦੀ ਹੈ। ਇਸ ਦੀ ਪਾਲਣਾ ਨਾ ਕਰਨ ’ਤੇ ਬੀ.ਸੀ.ਸੀ.ਆਈ. ਵਲੋਂ ਉਚਿਤ ਸਮਝੀ ਜਾਣ ਵਾਲੀ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ।
ਨੀਤੀ ਵਿਚ ਚੇਤਾਵਨੀ ਦਿਤੀ ਗਈ ਹੈ ਕਿ ਬੀ.ਸੀ.ਸੀ.ਆਈ. ਕਿਸੇ ਵੀ ਖਿਡਾਰੀ ਵਿਰੁਧ ਅਨੁਸ਼ਾਸਨੀ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ, ਜਿਸ ਵਿਚ ਸਬੰਧਤ ਖਿਡਾਰੀ ਨੂੰ ਆਈ.ਪੀ.ਐਲ. ਸਮੇਤ ਬੀ.ਸੀ.ਸੀ.ਆਈ. ਵਲੋਂ ਕਰਵਾਏ ਸਾਰੇ ਟੂਰਨਾਮੈਂਟਾਂ ਵਿਚ ਹਿੱਸਾ ਲੈਣ ਤੋਂ ਰੋਕਣਾ ਅਤੇ ਬੀ.ਸੀ.ਸੀ.ਆਈ. ਨਾਲ ਬੀ.ਸੀ.ਸੀ.ਆਈ. ਖਿਡਾਰੀ ਇਕਰਾਰਨਾਮੇ ਅਨੁਸਾਰ ਰਿਟੇਨਰ ਰਕਮ ਜਾਂ ਮੈਚ ਫੀਸ ਕੱਟਣਾ ਸ਼ਾਮਲ ਹੋ ਸਕਦਾ ਹੈ।
ਦਸਤਾਵੇਜ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਖਿਡਾਰੀਆਂ ਨੂੰ ਹੁਣ ਦੌਰੇ ਦੌਰਾਨ ਵੱਖਰੇ ਤੌਰ ’ਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਜੇਕਰ ਦੌਰਾ ਜਾਂ ਮੈਚ ਜਲਦੀ ਖਤਮ ਹੁੰਦਾ ਹੈ ਤਾਂ ਉਨ੍ਹਾਂ ਨੂੰ ਜਲਦੀ ਰਵਾਨਾ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।