
ਫਾਈਨਲ ’ਚ ਇਕ ਵੀ ਸੈੱਟ ਗੁਆਏ ਬਿਨਾਂ ਈਰਾਨ ਦੀ ਚੋਟੀ ਦੀ ਸੀਡ ਮੋਬੀਨਾ ਫਲਾਹ ਨੂੰ ਹਰਾਇਆ
ਅੰਤਾਲਿਆ: ਭਾਰਤੀ ਮਹਿਲਾ ਤੀਰਅੰਦਾਜ਼ ਭਜਨ ਕੌਰ ਨੇ ਐਤਵਾਰ ਨੂੰ ਇੱਥੇ ‘ਤੀਰਅੰਦਾਜ਼ੀ ਇਨ ਪੈਰਿਸ ਫਾਈਨਲ ਓਲੰਪਿਕ ਕੁਆਲੀਫਾਇਰ’ ’ਚ ਸੋਨ ਤਗਮਾ ਜਿੱਤ ਕੇ ਵਿਅਕਤੀਗਤ ਓਲੰਪਿਕ ਕੋਟਾ ਹਾਸਲ ਕੀਤਾ।
ਭਾਰਤ ਦੀ ਚੋਟੀ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਪਹਿਲੇ ਗੇੜ ’ਚ ਅਜ਼ਰਬਾਈਜਾਨ ਦੀ ਯਾਗੁਲ ਰਾਮਜ਼ਾਨੋਵਾ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਘੱਟ ਤਜਰਬੇਕਾਰ ਭਜਨ ਨੇ ਫਾਈਨਲ ’ਚ ਇਕ ਵੀ ਸੈੱਟ ਗੁਆਏ ਬਿਨਾਂ ਈਰਾਨ ਦੀ ਚੋਟੀ ਦੀ ਸੀਡ ਮੋਬੀਨਾ ਫਲਾਹ ਨੂੰ ਹਰਾ ਕੇ ਸੋਨ ਤਗਮਾ ਜਿੱਤ ਕੇ ਸੁਰਖੀਆਂ ਬਟੋਰੀਆਂ।
ਭਜਨ ਨੇ ਇਕਪਾਸੜ ਫਾਈਨਲ ਵਿਚ ਮੋਬੀਨਾ ਨੂੰ 6-2 (28-26, 29-29, 29-26, 29-29) ਨਾਲ ਹਰਾਇਆ। ਅੰਕਿਤਾ ਭਕਤ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਈ ਸੀ ਪਰ ਉਸ ਨੇ ਆਖਰੀ ਅੱਠ ’ਚ ਦਾਖਲ ਹੁੰਦੇ ਹੀ ਵਿਅਕਤੀਗਤ ਕੋਟਾ ਵੀ ਹਾਸਲ ਕਰ ਲਿਆ।
ਚੋਟੀ ਦੇ ਅੱਠ ਦੇਸ਼ਾਂ ਨੂੰ ਵਿਅਕਤੀਗਤ ਕੋਟਾ ਦਿਤਾ ਜਾਂਦਾ ਹੈ। ਹਰ ਦੇਸ਼ ਨੂੰ ਇਕ ਵਿਅਕਤੀਗਤ ਕੋਟਾ ਮਿਲਦਾ ਹੈ। ਇਸ ਤਰ੍ਹਾਂ ਭਾਰਤ ਨੇ ਪੁਰਸ਼ ਅਤੇ ਮਹਿਲਾ ਦੋਹਾਂ ਸ਼੍ਰੇਣੀਆਂ ’ਚ ਵਿਅਕਤੀਗਤ ਕੋਟਾ ਪ੍ਰਾਪਤ ਕੀਤਾ ਹੈ। ਧੀਰਜ ਬੋਮਦੇਵਾਰਾ ਨੇ ਇਸ ਤੋਂ ਪਹਿਲਾਂ ਏਸ਼ੀਆਈ ਕੁਆਲੀਫਾਇੰਗ ਪੜਾਅ ਤੋਂ ਪੁਰਸ਼ਾਂ ਦਾ ਵਿਅਕਤੀਗਤ ਕੋਟਾ ਹਾਸਲ ਕੀਤਾ ਸੀ।
ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਪਿਛਲੇ ਓਲੰਪਿਕ ਕੁਆਲੀਫਾਇਰ ਤੋਂ ਕੋਟਾ ਸਥਾਨ ਹਾਸਲ ਨਹੀਂ ਕਰ ਸਕੀਆਂ। ਹਾਲਾਂਕਿ ਜੇਕਰ ਦੋਵੇਂ ਟੀਮਾਂ ਅਪਣੀ ਵਿਸ਼ਵ ਰੈਂਕਿੰਗ ਬਰਕਰਾਰ ਰਖਦੀਆਂ ਹਨ ਤਾਂ ਉਹ 24 ਜੂਨ ਦੀ ਆਖਰੀ ਤਰੀਕ ਤਕ ਪੈਰਿਸ ਓਲੰਪਿਕ ’ਚ ਜਗ੍ਹਾ ਬਣਾ ਸਕਦੀਆਂ ਹਨ।