
ਉਪ ਕਪਤਾਨ ਬਾਰੇ ਸ਼ੁਭਮਨ ਗਿੱਲ ਜਾਂ ਸੂਰਿਆਕੁਮਾਰ ਯਾਦਵ ਦੇ ਨਾਂ ’ਤੇ ਵਿਚਾਰਾਂ ਜਾਰੀ : ਸੂਤਰ
ਨਵੀਂ ਦਿੱਲੀ: ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਸ਼੍ਰੀਲੰਕਾ ਵਿਰੁਧ 27 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਕ੍ਰਿਕਟ ਸੀਰੀਜ਼ ’ਚ ਭਾਰਤ ਦੀ ਕਪਤਾਨੀ ਕਰਨਗੇ। ਹਾਲਾਂਕਿ ਪਾਂਡਿਆ ਨਿੱਜੀ ਕਾਰਨਾਂ ਤੋਂ ਅਗੱਸਤ ’ਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਨਹੀਂ ਖੇਡ ਸਕਣਗੇ।
ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਸੂਤਰ ਨੇ ਪੀ.ਟੀ.ਆਈ. ਨੂੰ ਦਸਿਆ , ‘‘ਹਾਰਦਿਕ ਪਾਂਡਿਆ ਭਾਰਤੀ ਟੀ-20 ਟੀਮ ਦੇ ਉਪ ਕਪਤਾਨ ਸਨ। ਉਹ ਪੂਰੀ ਤਰ੍ਹਾਂ ਫਿੱਟ ਹਨ ਅਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਉਪਲਬਧ ਹਨ, ਇਸ ਲਈ ਉਹ ਕਪਤਾਨ ਹੋਣਗੇ।’’ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਕ੍ਰਿਕਟ ਨੂੰ ਅਲਵਿਦਾ ਕਹਿ ਦਿਤਾ।
ਟੀ-20 ਸੀਰੀਜ਼ 27 ਤੋਂ 30 ਜੁਲਾਈ ਤਕ ਪਾਲੇਕਲ ’ਚ ਖੇਡੀ ਜਾਵੇਗੀ ਜਦਕਿ ਇਕ ਦਿਨਾ ਮੈਚ 2 ਤੋਂ 7 ਅਗੱਸਤ ਤਕ ਕੋਲੰਬੋ ’ਚ ਖੇਡੇ ਜਾਣਗੇ। ਟੀਮ ਦਾ ਐਲਾਨ ਅਗਲੇ ਕੁੱਝ ਦਿਨਾਂ ’ਚ ਕੀਤਾ ਜਾਵੇਗਾ। ਇਹ ਪੱਕਾ ਨਹੀਂ ਹੈ ਕਿ ਸ਼ੁਭਮਨ ਗਿੱਲ ਜਾਂ ਸੂਰਯਕੁਮਾਰ ਯਾਦਵ ਉਪ ਕਪਤਾਨ ਹੋਣਗੇ ਜਾਂ ਨਹੀਂ।
ਵਨਡੇ ਸੀਰੀਜ਼ ਬਾਰੇ ਗੱਲ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਪਾਂਡਿਆ ਨੇ ਨਿੱਜੀ ਕਾਰਨਾਂ ਤੋਂ ਬ੍ਰੇਕ ਮੰਗਿਆ ਹੈ ਅਤੇ ਇਸ ਬਾਰੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨੂੰ ਸੂਚਿਤ ਕਰ ਦਿਤਾ ਹੈ। ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਜੇਕਰ ਸਾਰੇ ਸਟਾਰ ਕ੍ਰਿਕਟਰ ਕੌਮਾਂਤਰੀ ਕ੍ਰਿਕਟ ਨਹੀਂ ਖੇਡਦੇ ਤਾਂ ਉਨ੍ਹਾਂ ਨੂੰ ਵੀ ਘਰੇਲੂ ਕ੍ਰਿਕਟ ਖੇਡਣੀ ਪਵੇਗੀ। ਰੋਹਿਤ, ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੂੰ ਛੋਟ ਦਿਤੀ ਗਈ ਹੈ।
ਬੀ.ਸੀ.ਸੀ.ਆਈ. ਚਾਹੁੰਦਾ ਹੈ ਕਿ ਹੋਰ ਸਾਰੇ ਟੈਸਟ ਮਾਹਰ ਅਗੱਸਤ ’ਚ ਘੱਟੋ ਘੱਟ ਇਕ ਦਲੀਪ ਟਰਾਫੀ ਮੈਚ ਖੇਡਣ। ਇਸ ਤੋਂ ਬਾਅਦ ਟੀਮ ਨੂੰ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਤੋਂ ਟੈਸਟ ਸੀਰੀਜ਼ ਖੇਡਣੀ ਹੈ।