
ਸਾਬਕਾ ਵਿਸ਼ਵ ਚੈਂਪੀਅਨ ਐਲ. ਸਰਿਤਾ ਦੇਵੀ (60 ਕਿ.ਗ੍ਰਾ) ਨੇ ਪੋਲੈਂਡ ਦੇ ਗਲੀਵਾਈਸ ਮਹਿਲਾਵਾਂ ਦੇ 13ਵੇਂ ਸਿਲੇਸੀਆਨ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਕਾਂਸੀ...........
ਨਵੀਂ ਦਿੱਲੀ : ਸਾਬਕਾ ਵਿਸ਼ਵ ਚੈਂਪੀਅਨ ਐਲ. ਸਰਿਤਾ ਦੇਵੀ (60 ਕਿ.ਗ੍ਰਾ) ਨੇ ਪੋਲੈਂਡ ਦੇ ਗਲੀਵਾਈਸ ਮਹਿਲਾਵਾਂ ਦੇ 13ਵੇਂ ਸਿਲੇਸੀਆਨ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਕਾਂਸੀ ਦਾ ਤਮਗ਼ਾ ਆਪਣੇ ਨਾਂ ਕੀਤਾ। ਸ਼ੁੱਕਰਵਾਰ ਨੂੰ ਸਰਿਤਾ ਤੋਂ ਇਲਾਵਾ ਲਵਲੀਨਾ ਬੋਰਗੋਹੇਨ ਅਤੇ ਪੂਜਾ ਰਾਣੀ ਦੀ ਮੁਹਿੰਮ ਵੀ ਸੈਮੀਫਾਈਨਲ ਵਿਚ ਹੀ ਖਤਮ ਹੋਈ। ਸਟਾਰ ਮਹਿਲਾ ਮੁੱਕੇਬਾਜ਼ ਐਮ. ਸੀ. ਮੈਰੀਕਾਮ ਅਤੇ ਮਨੀਸ਼ਾ ਨੇ ਫਾਈਨਲ ਵਿਚ ਜਗ੍ਹਾ ਬਣਾਈ। ਸਾਬਕਾ ਯੂਥ ਵਿਸ਼ਵ ਚੈਂਪੀਅਨ ਜਯੋਤੀ ਗੁਲਿਆ ਵੀ ਯੂਥ ਦੇ ਫਾਈਨਲਜ਼ ਵਿਚ ਪਹੁੰਚੀ। ਸਰਿਤਾ ਨੂੰ ਕਰੀਨਾ ਇਬ੍ਰਾਗਿਮੋਵਾ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਭਾਰਤੀ ਦਲ ਨੂੰ ਇਹ ਫੈਸਲਾ ਵਿਵਾਦਮਈ ਲੱਗਾ। ਟੀਮ ਦੇ ਨਾਲ ਗਏ ਇਕ ਕੋਚ ਨੇ ਕਿਹਾ ਕਿ ਇਹ ਵਿਵਾਦਪੂਰਨ ਫੈਸਲਾ ਸੀ। ਸਰਿਤਾ ਯਕੀਨੀ ਤੌਰ 'ਤੇ ਬਿਹਤਰ ਸੀ ਪਰ ਜੱਜਾਂ ਨੇ ਉਸ ਦੇ ਪੱਖ 'ਚ ਫੈਸਲਾ ਨਹੀਂ ਦਿਤਾ। ਇਥੋਂ ਤੱਕ ਕਿ ਘਰੇਲੂ ਦਰਸ਼ਕ ਵੀ ਸਮਰਥਨ ਕਰ ਰਹੇ ਸਨ ਜਿਸ ਨੂੰ ਹਰ ਕੋਈ ਦੇਖ ਸਕਦਾ ਸੀ। (ਏਜੰਸੀ) ਲਵਲਿਨਾ ਨੇ ਸਥਾਨਕ ਮਜ਼ਬੂਤ ਦਾਅਵੇਦਾਰ ਏਗਾਤਾ ਕਾਕਜਮਾਰਸਕਾ ਤੋਂ 2-3 ਨਾਲ ਹਾਰ ਝੱਲਣੀ ਪਈ। ਇਸ ਤੋਂ ਪਹਿਲਾਂ ਭਾਰਤੀ ਜੂਨੀਅਰ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 6 ਸੋਨ, 6 ਚਾਂਦੀ ਅਤੇ 1 ਕਾਂਸੀ ਤਮਗ਼ੇ ਸਮੇਤ ਕੁਲ 13 ਤਮਗ਼ੇ ਆਪਣੇ ਨਾਂ ਕੀਤੇ।