
19.73 ਮੀਟਰ ਦੀ ਥ੍ਰੋ ਸੁੱਟ ਕੇ 19 ਸਾਲ ਪੁਰਾਣੇ ਵਿਕਾਸ ਗੌੜਾ ਦੇ ਨੈਸ਼ਨਲ ਰੀਕਾਰਡ ਨੂੰ ਵੀ ਤੋੜਿਆ
- ਜੋਯੋਤੀ ਅਤੇ ਹਰਮਿਲਨ ਨੇ ਵੀ ਏਸ਼ੀਅਨ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਿਆ
ਤੇਹਰਾਨ: ਭਾਰਤ ਦੇ ਚੋਟੀ ਦੇ ਸ਼ਾਟ ਪੁੱਟਰ ਤਜਿੰਦਰਪਾਲ ਸਿੰਘ ਤੂਰ, ਦੌੜਾਕ ਜੋਤੀ ਯਾਰਾਜੀ ਅਤੇ ਲੰਬੀ ਦੂਰੀ ਦੇ ਦੌੜਾਕ ਹਰਮਿਲਨ ਬੈਂਸ ਨੇ ਏਸ਼ੀਅਨ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸਨਿਚਰਵਾਰ ਨੂੰ ਅਪਣੇ-ਅਪਣੇ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤ ਕੇ ਦੇਸ਼ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਸ ਦੌਰਾਨ ਤੂਰ ਅਤੇ ਜੋਤੀ ਨੇ ਅਪਣੇ-ਅਪਣੇ ਕੌਮੀ ਰੀਕਾਰਡ ’ਚ ਵੀ ਸੁਧਾਰ ਕੀਤਾ। ਦੋ ਵਾਰ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਤੂਰ ਨੇ ਅਪਣੀ ਦੂਜੀ ਕੋਸ਼ਿਸ਼ ਵਿਚ 19.72 ਮੀਟਰ ਨਾਲ ਨਵਾਂ ਕੌਮੀ ਇਨਡੋਰ ਰੀਕਾਰਡ ਬਣਾਇਆ। ਉਸ ਨੇ 19 ਸਾਲ ਪੁਰਾਣੇ ਵਿਕਾਸ ਗੌੜਾ ਦੇ ਨੈਸ਼ਨਲ ਰੀਕਾਰਡ ਨੂੰ ਤੋੜਿਆ। ਕਜ਼ਾਖਸਤਾਨ ਦੇ ਇਵਾਨੋਵ ਇਵਾਨ (19.08 ਮੀਟਰ) ਅਤੇ ਈਰਾਨ ਦੇ ਮਹਿਦੀ ਸਾਬੇਰੀ (18.74 ਮੀਟਰ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।
ਇਸ ਤੋਂ ਪਹਿਲਾਂ ਜਯੋਤੀ ਨੇ ਔਰਤਾਂ ਦੀ 60 ਮੀਟਰ ਰੁਕਾਵਟ ਦੌੜ ’ਚ 8.12 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਜਿੱਤਿਆ। ਏਸ਼ੀਆਈ ਖੇਡਾਂ 2022 ਦੀ 100 ਮੀਟਰ ਰੁਕਾਵਟ ਦੌੜ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਇਸ ਖਿਡਾਰਨ ਨੇ ਪਿਛਲੇ ਸਾਲ ਇਸੇ ਮੁਕਾਬਲੇ ’ਚ 8:13 ਸੈਕਿੰਡ ਦਾ ਸਮਾਂ ਕਢਿਆ ਸੀ। ਉਸ ਸਮੇਂ ਉਹ ਉਪ ਜੇਤੂ ਸੀ। ਇਸ 24 ਸਾਲ ਦੀ ਖਿਡਾਰਨ ਨੇ 8:22 ਸੈਕਿੰਡ ਦੇ ਸਮੇਂ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਫਾਈਨਲ ’ਚ, ਉਸ ਨੇ ਜਾਪਾਨ ਦੀ ਅਸੁਕਾ ਟੇਰੇਡਾ (8.21 ਸਕਿੰਟ) ਨਾਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਹਾਂਗਕਾਂਗ ਦੇ ਲੁਈਸ ਲਾਈ ਯਿਯੂ (8:26 ਸਕਿੰਟ) ਨੇ ਤੀਜਾ ਸਥਾਨ ਹਾਸਲ ਕੀਤਾ। ਜੋਤੀ 100 ਮੀਟਰ ਰੁਕਾਵਟ ਦੌੜ ’ਚ ਮੌਜੂਦਾ ਏਸ਼ੀਆਈ ਆਊਟਡੋਰ ਚੈਂਪੀਅਨ ਹੈ। ਉਸ ਨੇ ਪਿਛਲੇ ਸਾਲ ਬੈਂਕਾਕ ’ਚ ਖਿਤਾਬ ਜਿੱਤਿਆ ਸੀ। ਉਸ ਨੇ ਹਾਂਗਝੂ ਏਸ਼ੀਆਈ ਖੇਡਾਂ ’ਚ ਚਾਂਦੀ ਦਾ ਤਗਮਾ ਵੀ ਜਿੱਤਿਆ।
ਏਸ਼ੀਆਈ ਖੇਡਾਂ ਦੀ ਚਾਂਦੀ ਤਮਗਾ ਜੇਤੂ ਹਰਮਿਲਨ ਬੈਂਸ ਨੇ 1500 ਮੀਟਰ ਦੌੜ ’ਚ ਚਾਰ ਮਿੰਟ 29.55 ਸੈਕਿੰਡ ਦੇ ਸਮੇਂ ਨਾਲ ਭਾਰਤ ਲਈ ਦਿਨ ਦਾ ਪਹਿਲਾ ਸੋਨ ਤਗਮਾ ਜਿੱਤਿਆ। ਹਰਮਿਲਨ ਦਾ ਸਕੋਰ ਕਿਰਗਿਸਤਾਨ ਦੇ ਕਲਿਲ ਕੈਜੀ ਆਈਨੁਸਕਾ ਤੋਂ ਪੰਜ ਸਕਿੰਟ ਘੱਟ ਸੀ ਜੋ ਦੂਜੇ ਸਥਾਨ ’ਤੇ ਰਿਹਾ। ਕਜ਼ਾਖਸਤਾਨ ਦੀ ਬੋਲਤਬੇਕਕੀਜੀ ਅਯਾਨਾ ਨੇ 4:37.20 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਸ਼ੈਲੀ ਸਿੰਘ ਅਤੇ ਨਯਨਾ ਜੇਮਜ਼ ਨੇ ਸਵੇਰ ਦੇ ਸੈਸ਼ਨ ਵਿਚ ਔਰਤਾਂ ਦੀ ਲੰਬੀ ਛਾਲ ਦੇ ਫਾਈਨਲ ਵਿਚ ਵੀ ਹਿੱਸਾ ਲਿਆ ਪਰ ਚੋਟੀ ਦੇ ਤਿੰਨ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀਆਂ। ਉਹ ਕ੍ਰਮਵਾਰ 6.27 ਮੀਟਰ ਅਤੇ 6.23 ਮੀਟਰ ਦੀ ਕੋਸ਼ਿਸ਼ ਨਾਲ ਪੰਜਵੇਂ ਅਤੇ ਛੇਵੇਂ ਸਥਾਨ ’ਤੇ ਰਹੇ।