
ਕਿਹਾ, ਪੂਰੀ ਆਜ਼ਾਦੀ ਨਾਲ ਟੀਮ ਦੀ ਕਰਨਗੇ ਅਗਵਾਈ
Shubhman Gill as captain is a mixture of Rohit Sharma and Virat Kohli: Jos Buttler Latest News in Punjabi ਜੋਸ ਬਟਲਰ ਦਾ ਮੰਨਣਾ ਹੈ ਕਿ ਭਾਰਤ ਦੇ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਕਪਤਾਨ ਵਜੋਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਮਿਸ਼ਰਣ ਹੈ ਪਰ ਜਦੋਂ ਉਹ ਸ਼ੁਕਰਵਾਰ ਤੋਂ ਇੰਗਲੈਂਡ ਵਿਰੁਧ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਰਾਸ਼ਟਰੀ ਟੀਮ ਦੀ ਅਗਵਾਈ ਕਰਨਗੇ, ਤਾਂ ਉਹ ਮੈਦਾਨ 'ਤੇ ਪੂਰੀ ਆਜ਼ਾਦੀ ਨਾਲ ਟੀਮ ਦੀ ਅਗਵਾਈ ਕਰਨਗੇ।
ਇੰਗਲੈਂਡ ਦੇ ਸਾਬਕਾ ਸੀਮਤ ਓਵਰਾਂ ਦੇ ਕਪਤਾਨ ਬਟਲਰ ਨੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿਚ ਗਿੱਲ ਦੀ ਕਪਤਾਨੀ ਹੇਠ ਖੇਡਿਆ। ਉਨ੍ਹਾਂ ਕਿਹਾ ਕਿ 25 ਸਾਲਾ ਖਿਡਾਰੀ ਨੂੰ ਕਪਤਾਨੀ ਦੀ ਭੂਮਿਕਾ ਅਤੇ ਆਪਣੀ ਬੱਲੇਬਾਜ਼ੀ ਵਿਚ ਸੰਤੁਲਨ ਬਣਾਉਣਾ ਪਵੇਗਾ।
ਬਟਲਰ ਨੇ ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨਾਲ ਅਪਣੇ ਪੋਡਕਾਸਟ 'ਫ਼ਾਰ ਦ ਲਵ ਆਫ਼ ਕ੍ਰਿਕਟ' 'ਤੇ ਕਿਹਾ, "ਉਹ ਸੱਚਮੁੱਚ ਇਕ ਪ੍ਰਭਾਵਸ਼ਾਲੀ ਖਿਡਾਰੀ ਹੈ। ਜਦੋਂ ਉਹ ਬੋਲਦਾ ਹੈ ਤਾਂ ਉਹ ਬਹੁਤ ਸ਼ਾਂਤ ਅਤੇ ਸੰਤੁਲਿਤ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਮੈਦਾਨ 'ਤੇ ਆਪਣੇ ਆਪ ਨੂੰ ਚੁਣੌਤੀ ਦਿੰਦਾ ਹੈ। ਉਸ ਵਿਚ ਬਹੁਤ ਜਨੂੰਨ ਹੈ। ਮੈਨੂੰ ਲੱਗਦਾ ਹੈ ਕਿ ਇਕ ਕਪਤਾਨ ਦੇ ਤੌਰ 'ਤੇ ਉਹ ਕੋਹਲੀ ਅਤੇ ਰੋਹਿਤ ਦਾ ਮਿਸ਼ਰਣ ਹੋਵੇਗਾ।"
ਉਨ੍ਹਾਂ ਨੇ ਕਿਹਾ, "ਕੋਹਲੀ ਸੱਚਮੁੱਚ ਬਹੁਤ ਹਮਲਾਵਰ ਸੀ। ਉਸ ਨੇ ਭਾਰਤੀ ਟੀਮ ਨੂੰ ਪੂਰੀ ਤਰ੍ਹਾਂ ਬਦਲ ਦਿਤਾ। ਉਸ ਨੇ ਇਸ ਨੂੰ ਮੈਚ ਲਈ ਤਿਆਰ ਕੀਤਾ। ਰੋਹਿਤ ਥੋੜ੍ਹਾ ਵੱਖਰਾ ਸੀ। ਥੋੜ੍ਹਾ ਸ਼ਾਂਤ ਅਤੇ ਸੰਜਮੀ, ਪਰ ਉਸ ਵਿਚ ਇਕ ਵਧੀਆ ਖੇਡ ਸਬੰਧੀ ਲੜਾਈ ਲੜਨ ਦੀ ਭਾਵਨਾ ਸੀ।"
ਬਟਲਰ ਨੇ ਕਿਹਾ, "ਗਿੱਲ ਨੇ ਦੋਵਾਂ ਤੋਂ ਬਹੁਤ ਕੁੱਝ ਸਿਖਿਆ ਹੈ ਪਰ ਉਹ ਮੈਦਾਨ 'ਤੇ ਬਿਲਕੁਲ ਵੱਖਰਾ ਦਿਖਾਈ ਦੇਵੇਗਾ।" ਬਟਲਰ ਨੇ ਕਿਹਾ ਕਿ ਟੈਸਟ ਕ੍ਰਿਕਟ ਵਿਚ ਭਾਰਤ ਦੀ ਕਪਤਾਨੀ ਕਰਨਾ ਦੇਸ਼ ਵਿਚ 'ਤੀਜੇ ਜਾਂ ਚੌਥੇ ਸੱਭ ਤੋਂ ਪ੍ਰਭਾਵਸ਼ਾਲੀ ਵਿਅਕਤੀ' ਹੋਣ ਵਰਗਾ ਹੈ।
ਉਨ੍ਹਾਂ ਨੇ ਕਿਹਾ, "ਗਿੱਲ ਨੇ ਬੱਲੇਬਾਜ਼ੀ ਅਤੇ ਕਪਤਾਨੀ ਨੂੰ ਵੱਖ ਕਰਨ ਬਾਰੇ ਗੱਲ ਕੀਤੀ। ਇਸ ਲਈ ਜਦੋਂ ਉਹ ਬੱਲੇਬਾਜ਼ੀ ਕਰਦਾ ਹੈ, ਤਾਂ ਉਹ ਸਿਰਫ਼ ਇਕ ਬੱਲੇਬਾਜ਼ ਹੀ ਰਹਿਣਾ ਚਾਹੁੰਦਾ ਹੈ। ਇਸ ਤੋਂ ਬਾਅਦ ਉਹ ਅਪਣੇ ਕਪਤਾਨੀ ਹੁਨਰ 'ਤੇ ਕੰਮ ਕਰੇਗਾ ਅਤੇ ਦੋਵੇਂ ਭੂਮਿਕਾਵਾਂ ਨੂੰ ਵੱਖਰੇ ਢੰਗ ਨਾਲ ਨਿਭਾਉਣ ਦੀ ਕੋਸ਼ਿਸ਼ ਕਰੇਗਾ।"
ਬਟਲਰ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਅਸੀਂ ਇਨ੍ਹਾਂ ਖਿਡਾਰੀਆਂ ਦੇ ਸਟਾਰਡਮ ਦੇ ਪੱਧਰ ਨੂੰ ਸਮਝ ਸਕਦੇ ਹਾਂ। ਤੁਸੀਂ ਇਸ ਨੂੰ ਆਈਪੀਐਲ ਵਿਚ ਦੇਖਦੇ ਹੋ। ਉਹ ਇਸ ਸਟਾਰਡਮ ਵਿਚ ਰਹਿੰਦੇ ਹਨ। ਮੈਨੂੰ ਲੱਗਦਾ ਹੈ ਕਿ ਭਾਰਤੀ ਟੈਸਟ ਕਪਤਾਨ ਪ੍ਰਧਾਨ ਮੰਤਰੀ ਤੋਂ ਬਾਅਦ ਭਾਰਤ ਵਿਚ ਤੀਜਾ ਜਾਂ ਚੌਥਾ ਸੱਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਹੈ। ਇਸ ਲਈ ਇਹ ਇਕ ਬਹੁਤ ਮਹੱਤਵਪੂਰਨ ਜ਼ਿੰਮੇਵਾਰੀ ਹੈ।"