
ਆਜ਼ਾਦੀ ਦਿਹਾੜੇ ਮੌਕੇ ਸੁਰੱਖਿਆ ਪ੍ਰਬੰਧਾਂ 'ਚ ਵਰਤੀ ਸੀ ਲਾਪਰਵਾਹੀ
ਲੁਧਿਆਣਾ : ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਐਕਸ਼ਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਪੁਲਿਸ ਕਮਿਸ਼ਨਰ ਸ਼ਰਮਾ ਨੇ ਆਜ਼ਾਦੀ ਦਿਵਸ ਮੌਕੇ ਸੁਰੱਖਿਆ ਪ੍ਰਬੰਧਾਂ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ 4 ਐਸ.ਐਚ.ਓਜ਼ ਅਤੇ 6 ਮੁਨਸ਼ੀ ਜ਼ਿਲ੍ਹਾ ਪੁਲਿਸ ਨੇ ਲਾਈਨ ਹਾਜ਼ਰ ਕੀਤੇ ਹਨ।ਲਾਈਨ ਹਾਜ਼ਰ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਆਜ਼ਾਦੀ ਦਿਵਸ ਮੌਕੇ ਆਪਣੇ ਥਾਣਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲਾਪਰਵਾਹੀ ਵਰਤੀ ਗਈ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ 'ਤੇ ਸ਼ਹਿਰ ਦੇ ਕੋਨੇ-ਕੋਨੇ 'ਚ ਨਾਕੇ ਲਗਾਏ ਜਾਣੇ ਸਨ। ਦੂਜੇ ਪਾਸੇ ਪੁਲਿਸ ਕਮਿਸ਼ਨਰ ਸ਼ਰਮਾ ਨੇ ਪੁਲਿਸ ਥਾਣਾ ਇੰਚਾਰਜਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ 14 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਸ਼ਹਿਰ 'ਚ ਹੋਣਗੇ, ਇਸ ਲਈ ਸੁਰੱਖਿਆ ਘੇਰਾ ਸਖ਼ਤ ਰੱਖਿਆ ਜਾਵੇ, ਤਾਂ ਜੋ ਹਰੇਕ ਥਾਣਾ ਇੰਚਾਰਜ ਆਪਣੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ।
Ludhiana police commissioner kaustubh sharma
ਦੱਸ ਦਈਏ ਕਿ ਜਿਨ੍ਹਾਂ ਪੁਲਿਸ ਥਾਣਿਆਂ ਦੇ ਐੱਸ.ਐੱਚ.ਓ. ਲਾਈਨ ਹਾਜ਼ਰ ਕੀਤੇ ਗਏ ਹਨ ਉਨ੍ਹਾਂ 'ਚ ਥਾਣਾ ਦੁੱਗਰੀ ਦੀ ਐੱਸ.ਐੱਚ.ਓ. ਮਨਜੀਤ ਕੌਰ ਥਾਣਾ ਡਿਵੀਜ਼ਨ ਨੰਬਰ ਅੱਠ ਦਾ ਐੱਸ.ਐੱਚ.ਓ. ਕੰਵਲਜੀਤ ਸਿੰਘ ਥਾਣਾ ਸਰਾਭਾ ਨਗਰ ਦਾ ਐੱਸ.ਐੱਚ.ਓ. ਹਰਪ੍ਰੀਤ ਸਿੰਘ ਅਤੇ ਥਾਣਾ ਪੀ.ਏ.ਯੂ. ਦਾ ਐੱਸ.ਐੱਚ.ਓ. ਸਤਪਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਥਾਂ 'ਤੇ ਥਾਣਾ ਦੁੱਗਰੀ 'ਚ ਗਗਨਦੀਪ ਸਿੰਘ, ਥਾਣਾ ਸਰਾਭਾ ਨਗਰ 'ਚ ਸਤਵੀਰ ਸਿੰਘ ਅਤੇ ਥਾਣਾ ਪੀ.ਏ.ਯੂ. 'ਚ ਰਜਿੰਦਰਪਾਲ ਨੂੰ ਭੇਜਿਆ ਗਿਆ ਹੈ ਜਦਕਿ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਐੱਸ.ਐੱਚ.ਓ. ਦੇ ਹੁਕਮ ਅੱਜ ਜਾਰੀ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਦੁੱਗਰੀ ਦੀ ਐਸਐਚਓ ਮਨਜੀਤ ਕੌਰ ਨੂੰ ਜਦੋਂ 14 ਅਗਸਤ ਦੀ ਰਾਤ ਉਨ੍ਹਾਂ ਦੇ ਇਲਾਕੇ ਵਿੱਚ ਗੋਲੀ ਚੱਲਣ ਮਗਰੋਂ ਇਲਾਕੇ ਵਿੱਚ ਕੀਤੀ ਨਾਕਾਬੰਦੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕੋਈ ਨਾਕਾਬੰਦੀ ਨਹੀਂ ਕੀਤੀ ਗਈ ਕਿਉਂਕਿ ਫੋਰਸ ਨੂੰ ਸਟੇਡੀਅਮ ਭੇਜਿਆ ਗਿਆ। ਐਸ.ਐਚ.ਓ ਮਨਜੀਤ ਕੌਰ ਨੇ ਉਚ ਅਧਿਕਾਰੀਆਂ ਨੂੰ ਇਲਾਕੇ ਵਿੱਚ ਨਾਕਾਬੰਦੀ ਨਾ ਹੋਣ ਦੀ ਸੂਚਨਾ ਵੀ ਨਹੀਂ ਦਿੱਤੀ, ਜਿਸ ਤੋਂ ਬਾਅਦ ਸੀਪੀ ਸ਼ਰਮਾ ਨੇ ਮੌਕੇ ’ਤੇ ਹੀ ਲਾਈਨ ਹਾਜ਼ਰ ਕਰ ਦਿੱਤਾ। ਇਸ ਦੇ ਨਾਲ ਹੀ ਥਾਣਾ ਸਰਾਭਾ ਨਗਰ ਦੇ ਐਸਐਚਓ ਹਰਪ੍ਰੀਤ ਸਿੰਘ ਨੂੰ ਵੀ ਇਲਾਕੇ ਵਿੱਚ ਨਾਕਾਬੰਦੀ ਨਾ ਹੋਣ ਕਾਰਨ ਲਾਈਨ ਵਿੱਚ ਲੱਗਣਾ ਪਿਆ।
Punjab Police
ਇਸ ਤੋਂ ਇਲਾਵਾ ਜਦੋਂ ਪੁਲਿਸ ਕਮਿਸ਼ਨਰ ਨੇ 14 ਅਗਸਤ ਨੂੰ ਰਾਤ 2 ਵਜੇ ਪਿੰਡ ਝਾਂਡੇ ਨੇੜੇ ਇਲਾਕੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਸੀਆਰਪੀਐਫ ਦੇ ਕੁਝ ਜਵਾਨ ਡਿਊਟੀ ਕਰਨ ਦੀ ਬਜਾਏ ਸੁੱਤੇ ਪਏ ਸਨ। ਇਹ ਦੇਖ ਕੇ ਪੁਲਿਸ ਕਮਿਸ਼ਨਰ ਸ਼ਰਮਾ ਨੇ ਉਨ੍ਹਾਂ ਨੂੰ ਡਿਊਟੀ ’ਤੇ ਤਾਇਨਾਤ ਨਾ ਹੋਣ ਬਾਰੇ ਪੁੱਛਿਆ ਤਾਂ ਸੀਆਰਪੀਐਫ ਦੇ ਜਵਾਨਾਂ ਨੇ ਜਵਾਬ ਦਿੱਤਾ ਕਿ ਐਸਐਚਓ ਕਿਸੇ ਤਰ੍ਹਾਂ ਦੀ ਨਾਕਾਬੰਦੀ ਕਰਨ ਬਾਰੇ ਨਹੀਂ ਕਿਹਾ ਗਿਆ ਹੈ।
ਕਮਿਸ਼ਨਰ ਨੇ ਇਸ ਮਾਮਲੇ ਸਬੰਧੀ ਸੀਆਰਪੀਐਫ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ, ਜਦਕਿ ਸਰਾਭਾ ਨਗਰ ਥਾਣੇ ਦੇ ਐਸਐਚਓ ਹਰਪ੍ਰੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪੀਏਯੂ ਥਾਣੇ ਦੇ ਐਸਐਚਓ ਸਤਪਾਲ ਨੇ ਵੀ 14 ਅਗਸਤ ਦੀ ਰਾਤ ਨੂੰ ਕੋਈ ਨਾਕਾਬੰਦੀ ਨਹੀਂ ਕੀਤੀ ਸੀ, ਕਮਿਸ਼ਨਰ ਸ਼ਰਮਾ ਨੇ ਵੀ ਆਪਣੇ ਖੇਤਰ ਵਿੱਚ ਖਾਲੀ ਪਈਆਂ ਸੜਕਾਂ ਤੋਂ ਬਾਅਦ ਕਾਰਵਾਈ ਕਰਦਿਆਂ ਐਸਐਚਓ ਸਤਪਾਲ ਨੂੰ ਲਾਈਨ ਹਾਜ਼ਰ ਕਰ ਦਿੱਤਾ।
ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਕਮਲਜੀਤ ਸਿੰਘ ਦਾ ਮਾਮਲਾ ਵੱਖਰਾ ਹੈ। ਉਨ੍ਹਾਂ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ ਕਿ ਉਹ ਲੋਕਾਂ ਨਾਲ ਸਲੀਕੇ ਨਾਲ ਗੱਲ ਨਹੀਂ ਕਰਦੇ। ਇਸ ਦੇ ਨਾਲ ਹੀ ਇਲਾਕੇ ਵਿੱਚ ਐਸਐਚਓ ਦੀ ਕਾਰਜਸ਼ੈਲੀ ਵੀ ਢਿੱਲੀ ਸੀ, ਜਿਸ ਕਾਰਨ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।
Punjab police
ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਆਜ਼ਾਦੀ ਦਿਹਾੜੇ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ, ਜਦੋਂਕਿ ਉਹ ਖ਼ੁਦ ਵੀ ਰੋਜ਼ਾਨਾ ਰਾਤ ਨੂੰ ਨਾਕਾਬੰਦੀ ਕਰਕੇ ਚੈਕਿੰਗ ਕਰਦੇ ਸਨ। ਜੇਕਰ ਕੋਈ ਵੀ ਅਧਿਕਾਰੀ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲਾਪਰਵਾਹੀ ਕਰਦਾ ਹੈ ਤਾਂ ਉਸ ਖ਼ਿਲਾਫ਼ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਹਰ ਕਦਮ ਚੁੱਕਿਆ ਜਾਵੇਗਾ।
ਦੂਜੇ ਪਾਸੇ ਜੇ.ਸੀ.ਪੀ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਲਈ ਸੀਨੀਅਰ ਅਧਿਕਾਰੀ ਹਰ ਰੋਜ਼ ਸੜਕਾਂ 'ਤੇ ਹਨ। ਕਈ ਵਾਰ ਕੁਝ ਇਨਪੁਟ ਪ੍ਰਾਪਤ ਹੁੰਦੇ ਹਨ ਪਰ ਪੁਲਿਸ ਦਾ ਕੰਮ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਰੱਖਣਾ ਹੁੰਦਾ ਹੈ। ਜੇਕਰ ਕੋਈ ਸੁਰੱਖਿਆ ਪ੍ਰਬੰਧਾਂ ਵਿੱਚ ਲਾਪਰਵਾਹੀ ਕਰਦਾ ਹੈ ਤਾਂ ਕਾਰਵਾਈ ਹੋਣੀ ਲਾਜ਼ਮੀ ਹੈ।