
ਸਾਰੇ ਇਲਜ਼ਾਮ ਬਿਲਕੁਲ ਬੇਬੁਨਿਆਦ, ਜੇਕਰਸਹੀ ਸਾਬਤ ਹੋਏ ਤਾਂ ਲਗਾ ਲਵਾਂਗਾ ਫਾਂਸੀ- ਕੁਸ਼ਤੀ ਫੈਡਰੇਸ਼ਨ ਪ੍ਰਧਾਨ
ਨਵੀਂ ਦਿੱਲੀ : ਭਾਰਤ ਦੇ ਕਈ ਦਿੱਗਜ਼ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਰਾਸ਼ਟਰੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਤਾਨਾਸ਼ਾਹੀ ਦਾ ਦੋਸ਼ ਲਗਾਇਆ ਹੈ। ਵਿਰੋਧ ਕਰਨ ਵਾਲੇ ਪਹਿਲਵਾਨਾਂ ਵਿੱਚ ਟੋਕੀਓ ਓਲੰਪਿਕ ਦੇ ਕਾਂਸੀ ਤਮਗ਼ਾ ਜੇਤੂ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗ਼ਾ ਜੇਤੂ ਵਿਨੇਸ਼ ਫੋਗਾਟਸਮੇਤ ਦੇਸ਼ ਦੇ ਕਈ ਚੋਟੀ ਦੇ ਪਹਿਲਵਾਨ ਸ਼ਾਮਲ ਹਨ।
ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ਵਲੋਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਕੋਚ 'ਤੇ ਖਿਡਾਰਨਾਂ ਦਾ ਜਿਸਮਾਨੀ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਖੇਡ ਮੰਤਰਾਲੇ ਅਤੇ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ।
ਇਸ ਤੋਂ ਬਾਅਦ ਸਵਾਤੀ ਮਾਲੀਵਾਲ ਧਰਨੇ ਵਾਲੀ ਜਗ੍ਹਾ 'ਤੇ ਵੀ ਪਹੁੰਚੇ ਅਤੇ ਖਿਡਾਰੀਆਂ ਨਾਲ ਗੱਲਬਾਤ ਕੀਤੀ। ਮਾਲੀਵਾਲ ਨੇ ਉਨ੍ਹਾਂ ਨੂੰ ਇਨਸਾਫ਼ ਦਾ ਪੂਰਨ ਭਰੋਸਾ ਦਿਵਾਇਆ ਹੈ। ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ ਖਿਡਾਰੀਆਂ ਦੇ ਨਾਲ ਹਨ ਅਤੇ ਜੇਕਰ ਉਨ੍ਹਾਂ ਨੂੰ ਧਰਨੇ 'ਤੇ ਵੀ ਬੈਠਣਾ ਪਿਆ ਤਾਂ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਪੁਲਿਸ ਅਤੇ ਮੰਤਰਾਲੇ ਨੂੰ ਨੋਟਿਸ ਜਾਰੀ ਕਰ ਕੇ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ, "ਮੈਂ ਹੈਰਾਨ ਹਾਂ। ਭਾਰਤ ਨੂੰ ਵੱਡੀਆਂ ਉਚਾਈਆਂ 'ਤੇ ਪਹੁੰਚਾਉਣ ਵਾਲੀਆਂ ਖਿਡਾਰਨਾਂ ਇਨਸਾਫ ਦੀ ਮੰਗ ਕਰਨ ਲਈ ਜੰਤਰ-ਮੰਤਰ 'ਤੇ ਇਕੱਠੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਧਰਨਾ ਦੇਣਾ ਪੈ ਰਿਹਾ ਹੈ। ਇਹ ਸ਼ਰਮਨਾਕ ਹੈ। ਅਸੀਂ ਦਿੱਲੀ ਪੁਲਿਸ ਅਤੇ ਕੇਂਦਰੀ ਖੇਡ ਮੰਤਰਾਲੇ ਨੂੰ ਨੋਟਿਸ ਭੇਜਿਆ ਹੈ। ਇਸ ਮਾਮਲੇ 'ਚ ਤੁਰੰਤ ਨਿਆਂ ਦਿੱਤਾ ਜਾਵੇ।' ਡਬਲਿਊ.ਐੱਫ.ਆਈ. ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਕੋਚਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਦਾ ਨਾਮ ਇਸ ਮਾਮਲੇ ਵਿੱਚ ਆਇਆ ਹੈ।
ਉਧਰ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਵਲੋਂ ਲਗਾਏ ਇਲਜ਼ਾਮ ਬਿਲਕੁਲ ਬੇਬੁਨਿਆਦ ਹਨ। ਜੇਕਰ ਇਹ ਸਹੀ ਸਾਬਤ ਹੋਏ ਤਾਂ ਮੈਂ ਫਾਂਸੀ 'ਤੇ ਲਟਕ ਜਾਵਾਂਗਾ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਦੇ ਇਸ ਧਰਨੇ ਪਿੱਛੇ ਇੱਕ ਵੱਡੇ ਉਦਯੋਗਪਤੀ ਦਾ ਹੱਥ ਹੈ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਸ ਤਰ੍ਹਾਂ ਨਾਲ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਨੂੰ ਚਲਾ ਰਿਹਾ ਹੈ, ਉਸ ਤੋਂ ਪਹਿਲਵਾਨ ਅੱਕ ਚੁੱਕੇ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ 2011 ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਹਨ। ਉਹ ਫਰਵਰੀ 2019 ਵਿੱਚ ਲਗਾਤਾਰ ਤੀਜੀ ਵਾਰ WFI ਦੇ ਪ੍ਰਧਾਨ ਵਜੋਂ ਚੁਣੇ ਗਏ ਸਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਵੀ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ।