
ਸਿਫ਼ਤ ਕੌਰ ਸਮਰਾ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਅੱਜ ਸਮਰਾ ਪ੍ਰੀਵਾਰ ਨੂੰ ਹਰ ਪਾਸਿਓ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
Sifat Kaur News: ਫ਼ਰੀਦਕੋਟ - ਫ਼ਰੀਦਕੋਟ ਦੀ ਧੀ ਸਿਫ਼ਤ ਕੌਰ ਨੇ ਜੁਲਾਈ ਮਹੀਨੇ ਵਿਚ ਪੈਰਿਸ ’ਚ ਹੋਣ ਵਾਲੀ ਉਲਪਿੰਕਸ ’ਚ ਸ਼ੂਟਿੰਗ ਖੇਡ ਮੁਕਾਬਲੇ ’ਚ ਕੁਆਲੀਫ਼ਾਈ ਕਰਕੇ ਇੱਕ ਵਾਰ ਫ਼ਿਰ ਫ਼ਰੀਦਕੋਟ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਖੇਡਾਂ-2023 ’ਚ ਵਿਅਕਤੀਗਤ ਤੌਰ 'ਤੇ ਸੋਨ ਤਮਗ਼ਾ ਅਤੇ ਆਪਣੀ ਟੀਮ ਲਈ ਚਾਂਦੀ ਦਾ ਤਮਗ਼ਾ ਜਿੱਤ (ਦੂਹਰਾ) ਕੇ ਦੁਨੀਆਂ ਦੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਦੱਸ ਦਈਏ ਕਿ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਖੇਡਾਂ ’ਚ ਚਾਇਨਾ ਵਿਖੇ ਵਿਅਕਤੀਗਤ ਤੌਰ ਤੇ ਦੇਸ਼ ਲਈ ਪਹਿਲਾ ਤਮਗ਼ਾ ਜਿੱਤਣ ਦੇ ਨਾਲ-ਨਾਲ ਸੰਸਾਰ ਪੱਧਰ ਤੇ ਸਭ ਤੋਂ ਵੱਧ ਅੰਕ ਪ੍ਰਾਪਤ ਕਰ ਦਾ ਨਵਾਂ ਰਿਕਾਰਡ ਵੀ ਸਿਰਜਿਆ ਸੀ। ਇਹ ਰਿਕਾਰਡ ਅੱਜ ਵੀ ਸਿਫ਼ਤ ਕੌਰ ਸਮਰਾ ਦਾ ਹੀ ਹੈ।
ਸਿਫ਼ਤ ਕੌਰ ਸਮਰਾ ਦੇ ਕੋਚ ਸੁਖਰਾਜ ਕੌਰ ਨੇ ਦੱਸਿਆ ਕਿ ਰਾਈਫ਼ਲ 50 ਮੀਟਰ ਥਰੀ ਪੁਜ਼ੀਸ਼ਨ ’ਚ ਸਿਫ਼ਤ ਕੌਰ ਸਮਰਾ ਪੰਜਾਬ ਦੇ ਪਹਿਲੀ ਬੇਟੀ ਹੈ ਜੋ ਉਲੰਪਿਕ ’ਚ ਭਾਗ ਲਵੇਗੀ। ਸਿਫ਼ਤ ਕੌਰ ਸਮਰਾ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਅੱਜ ਸਮਰਾ ਪ੍ਰੀਵਾਰ ਨੂੰ ਹਰ ਪਾਸਿਓ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਫ਼ਰੀਦਕੋਟ ਜ਼ਿਲੇ ਅੰਦਰ ਸਿਫ਼ਤ ਕੌਰ ਸਮਰਾ ਦੀ ਪੈਰਿਸ ਉਲੰਪਿਕ ਖੇਡਾਂ ਲਈ ਚੋਣ ਦੀ ਖ਼ਬਰ ਆਉਂਦਿਆਂ ਹੀ ਹਰ ਪਾਸੇ ਖੁਸ਼ੀ ਦੀ ਲਹਿਰ ਹੈ।