
ਕਿਹਾ, 10 ਦਿਨਾਂ ’ਚ ਭੁਗਤਾਨ ਕਰੋ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ
ਨਵੀਂ ਦਿੱਲੀ: ਸਾਬਕਾ ਭਾਰਤੀ ਫ਼ੁੱਟਬਾਲ ਕੋਚ ਇਗੋਰ ਸਟਿਮਕ ਨੇ ਅਪਣੇ ਅਹੁਦੇ ਤੋਂ ਬਰਖਾਸਤਗੀ ਨੂੰ ਇਕਪਾਸੜ ਕਰਾਰ ਦਿੰਦਿਆਂ AIFF ਨੂੰ ਚਿਤਾਵਨੀ ਦਿਤੀ ਹੈ ਕਿ ਜੇਕਰ 10 ਦਿਨਾਂ ਦੇ ਅੰਦਰ ਉਨ੍ਹਾਂ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਉਹ ਫੀਫਾ ਟ੍ਰਿਬਿਊਨਲ ’ਚ ਉਨ੍ਹਾਂ ਵਿਰੁਧ ਕੇਸ ਦਾਇਰ ਕਰਨਗੇ।
ਸਟਿਮਕ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF) ਦੇ ਪ੍ਰਧਾਨ ਕਲਿਆਣ ਚੌਬੇ ’ਤੇ ਕਈ ਵਾਰ ਅਪਣਾ ਇਕਰਾਰਨਾਮਾ ਤੋੜਨ ਦਾ ਦੋਸ਼ ਲਾਇਆ। ਫੀਫਾ 2026 ਵਿਸ਼ਵ ਕੱਪ ਕੁਆਲੀਫਾਇਰ ’ਚ ਭਾਰਤ ਦੇ ਦੂਜੇ ਗੇੜ ਤੋਂ ਅੱਗੇ ਨਾ ਵਧਣ ਲਈ ਵੀ ਉਨ੍ਹਾਂ ਚੌਬੇ ਨੂੰ ਜ਼ਿੰਮੇਵਾਰ ਠਹਿਰਾਇਆ। ਸਟਿਮਕ ਨੇ ਕਿਹਾ ਕਿ ਭਾਰਤ ਵਿਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸਿਹਤ ’ਤੇ ਵੀ ਅਸਰ ਪਿਆ ਹੈ ਅਤੇ ਉਹ ਦੁਬਾਰਾ AIFF ਤੋਂ ਕੁੱਝ ਨਹੀਂ ਸੁਣਨਾ ਚਾਹੁੰਦੇ।
ਉਨ੍ਹਾਂ ਕਿਹਾ, ‘‘ਮੈਂ 10 ਦਿਨਾਂ ਦੇ ਅੰਦਰ ਅਪਣੇ ਬਕਾਏ ਦਾ ਭੁਗਤਾਨ ਕਰਨ ਦੀ ਮੰਗ ਕਰ ਰਿਹਾ ਹਾਂ ਕਿਉਂਕਿ ਮੇਰਾ ਇਕਰਾਰਨਾਮਾ ਸਮੇਂ ਤੋਂ ਪਹਿਲਾਂ ਖਤਮ ਕਰ ਦਿਤਾ ਗਿਆ ਸੀ। ਇਹ ਰਕਮ ਉਹੀ ਹੋਵੇਗੀ ਜੋ ਮੈਨੂੰ ਇਕਰਾਰਨਾਮੇ ਦੀ ਮਿਆਦ ਦੌਰਾਨ ਮਿਲਣੀ ਸੀ। ਅਜਿਹਾ ਨਹੀਂ ਹੁੰਦਾ ਤਾਂ ਮੈਂ ਫੀਫਾ ਟ੍ਰਿਬਿਊਨਲ ’ਚ AIFF ਵਿਰੁਧ ਕੇਸ ਦਾਇਰ ਕਰਾਂਗਾ।’’
AIFF ’ਤੇ ਪਹਿਲਾਂ ਵੀ ਕਈ ਵਾਰ ਇਕਰਾਰਨਾਮੇ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਸਟਿਮਕ ਨੇ ਕਿਹਾ ਕਿ ਚੌਬੇ ਨੇ AIFF ਮੀਡੀਆ ਨੂੰ ਦਿਤੇ ਉਨ੍ਹਾਂ ਦੇ ਜਨਤਕ ਬਿਆਨ ਨੂੰ ਵੀ ਬਦਲ ਦਿਤਾ।
ਸਟਿਮਕ ਨੇ ਕਿਹਾ, ‘‘ਪ੍ਰਧਾਨ ਚੌਬੇ ਨੇ ਭਾਰਤੀ ਖੇਡ ਅਥਾਰਟੀ ਨਾਲ ਮਿਲ ਕੇ ਏਸ਼ੀਆਈ ਖੇਡਾਂ ਲਈ ਮੇਰੇ ਖਿਡਾਰੀਆਂ ਦੀ ਸੂਚੀ ’ਚ ਤਬਦੀਲੀ ਕੀਤੀ ਅਤੇ ਤਿੰਨ ਸੀਨੀਅਰ ਖਿਡਾਰੀਆਂ ਨੂੰ ਸ਼ਾਮਲ ਕੀਤਾ। ਇਸ ਦੇ ਨਾਲ ਹੀ ਆਈ.ਐਸ.ਐਲ. ਕਲੱਬਾਂ ਨੇ ਫੈਸਲਾ ਕੀਤਾ ਕਿ ਏਸ਼ੀਆਈ ਖੇਡਾਂ ’ਚ ਕਿਹੜੇ ਖਿਡਾਰੀ ਹਿੱਸਾ ਲੈਣਗੇ। ਇਸ ਦੇ ਨਾਲ ਹੀ ਚੀਨ ਦੀ ਯਾਤਰਾ ਦੇ ਪ੍ਰਬੰਧਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ।’’