
Vinesh Phogat: ਆਪਣੀਆਂ ਭੈਣਾਂ ਨੂੰ ਕੁਸ਼ਤੀ ਸਿਖਾਵਾਂਗੀ- ਫੋਗਾਟ
Vinesh Phogat-comeback her village Blali: ਪੈਰਿਸ ਓਲੰਪਿਕ ਦੇ ਫਾਈਨਲ ਕੁਸ਼ਤੀ ਮੈਚ ਤੋਂ ਪਹਿਲਾਂ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਸ਼ਨੀਵਾਰ ਨੂੰ ਆਪਣੇ ਦੇਸ਼ ਪਰਤ ਆਈ। ਉਹ ਸਵੇਰੇ ਕਰੀਬ 11 ਵਜੇ ਦਿੱਲੀ ਏਅਰਪੋਰਟ ਪਹੁੰਚੀ। ਇੱਥੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਵਿਨੇਸ਼ ਨੇ ਦਿੱਲੀ ਏਅਰਪੋਰਟ ਤੋਂ ਬਲਾਲੀ ਪਿੰਡ ਤੱਕ 125 ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢਿਆ। ਰਸਤੇ ਵਿੱਚ ਕਰੀਬ 100 ਥਾਵਾਂ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
13 ਘੰਟੇ ਦੇ ਸੜਕੀ ਸਫ਼ਰ ਤੋਂ ਬਾਅਦ ਉਹ ਐਤਵਾਰ ਰਾਤ 12 ਵਜੇ ਆਪਣੇ ਜੱਦੀ ਪਿੰਡ ਬਲਾਲੀ (ਚਰਖੀ ਦਾਦਰੀ ਜ਼ਿਲ੍ਹਾ) ਪਹੁੰਚੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਹਨੂੰਮਾਨ ਮੰਦਰ 'ਚ ਮੱਥਾ ਟੇਕਿਆ। ਵਿਨੇਸ਼ ਦਾ ਪਿੰਡ ਦੇ ਖੇਡ ਸਟੇਡੀਅਮ ਵਿੱਚ ਸਨਮਾਨ ਕੀਤਾ ਗਿਆ। ਇੱਥੇ ਸਟੇਜ 'ਤੇ ਵਿਨੇਸ਼ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਵਿਨੇਸ਼ ਨੇ ਕੁਰਸੀ 'ਤੇ ਬੈਠ ਕੇ ਲੋਕਾਂ ਨੂੰ ਸੰਬੋਧਨ ਕੀਤਾ। ਇੱਥੇ ਉਨ੍ਹਾਂ ਨੇ ਆਪਣੀ ਰਿਟਾਇਰਮੈਂਟ ਵਾਪਸ ਲੈਣ ਦੇ ਸੰਕੇਤ ਦਿੱਤੇ।
ਵਿਨੇਸ਼ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ, ਮੇਰਾ ਜਨਮ ਅਜਿਹੇ ਪਿੰਡ 'ਚ ਹੋਇਆ ਹੈ। ਅੱਜ ਮੈਂ ਪਿੰਡ ਦਾ ਕਰਜ਼ਾ ਚੁਕਾਉਣ ਵਿਚ ਆਪਣੀ ਭੂਮਿਕਾ ਨਿਭਾ ਪਾਈ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰੇ ਪਿੰਡ ਦ ਹਰ ਘਰ ਚੋਂ ਇੱਕ ਭੈਣ ਨਿਕਲੇ ਜੋ ਮੇਰੇ ਕੁਸ਼ਤੀ ਦੇ ਰਿਕਾਰਡ ਤੋੜੇ। ਓਲੰਪਿਕ ਮੈਡਲ ਦਾ ਬਹੁਤ ਡੂੰਘਾ ਜ਼ਖ਼ਮ ਹੈ। ਮੈਨੂੰ ਲੱਗਦਾ ਹੈ ਕਿ ਇਸ ਤੋਂ ਉਭਰਨ ਲਈ ਬਹੁਤ ਸਮਾਂ ਲੱਗ ਜਾਵੇਗਾ , ਪਰ ਅੱਜ ਜੋ ਪਿੰਡ ਅਤੇ ਦੇਸ਼ ਦਾ ਪਿਆਰ ਮੈਂ ਦੇਖਿਆ ਹੈ, ਉਹ ਜ਼ਖਮਾਂ ਨੂੰ ਭਰਨ ਦੀ ਹਿੰਮਤ ਦੇਵੇਗਾ। ਮੈਂ ਉਸ ਕੁਸ਼ਤੀ ਬਾਰੇ ਕੁਝ ਨਹੀਂ ਕਹਿ ਸਕਦੀ ਜਿਸ ਨੂੰ ਮੈਂ ਛੱਡਣਾ ਚਾਹੁੰਦੀ ਸੀ ਜਾਂ ਛੱਡ ਦਿੱਤਾ ਹੈ। ਅੱਜ ਦੇ ਪਿਆਰ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਹੈ।
ਜ਼ਿੰਦਗੀ ਦੀ ਲੜਾਈ ਬਹੁਤ ਲੰਬੀ ਹੈ। ਸਾਡੀ ਲੜਾਈ ਅਜੇ ਖ਼ਤਮ ਨਹੀਂ ਹੋਈ। ਮੈਂ ਇੱਕ ਛੋਟਾ ਜਿਹਾ ਹਿੱਸਾ ਪਾਰ ਕਰ ਲਿਆ ਹੈ। ਇਹ ਵੀ ਅਧੂਰਾ ਰਹਿ ਗਿਆ। ਅਸੀਂ ਇੱਕ ਸਾਲ ਤੋਂ ਲੜਾਈ ਲੜ ਰਹੇ ਹਾਂ, ਇਹ ਭਵਿੱਖ ਵਿੱਚ ਵੀ ਜਾਰੀ ਰਹੇਗੀ।