1979 ਦੇ ਇਨਕਲਾਬ ਦੇ ਸਮੇਂ ਦੀ ਹਫੜਾ-ਦਫੜੀ ਦੀ ਯਾਦ ਦਿਵਾਉਂਦਾ
ਦੁਬਈ : ਅਮਰੀਕਾ ਦੀ ਮਨੁੱਖੀ ਅਧਿਕਾਰ ਏਜੰਸੀ ਨੇ ਐਤਵਾਰ ਨੂੰ ਕਿਹਾ ਕਿ ਇਰਾਨ ’ਚ ਹਿੰਸਕ ਪ੍ਰਦਰਸ਼ਨਾਂ ’ਚ ਘੱਟੋ-ਘੱਟ 3,919 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਉਨ੍ਹਾਂ ਨੂੰ ਡਰ ਹੈ ਕਿ ਅਸਲ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ।
ਮਨੁੱਖੀ ਅਧਿਕਾਰ ਕਾਰਕੁਨਾਂ ਦੀ ਨਿਊਜ਼ ਏਜੰਸੀ ਨੇ ਮਰਨ ਵਾਲਿਆਂ ਦੀ ਸੋਧੀ ਹੋਈ ਗਿਣਤੀ ਜਾਰੀ ਕੀਤੀ, ਜੋ ਪਹਿਲਾਂ 3,308 ਸੀ। ਇਹ ਅੰਕੜਾ ਦਹਾਕਿਆਂ ਵਿਚ ਇਰਾਨ ਵਿਚ ਹੋਏ ਕਿਸੇ ਵੀ ਹੋਰ ਵਿਰੋਧ ਪ੍ਰਦਰਸ਼ਨਾਂ ਜਾਂ ਅਸ਼ਾਂਤੀ ਨਾਲੋਂ ਵਧੇਰੇ ਹੈ ਅਤੇ 1979 ਦੇ ਇਨਕਲਾਬ ਦੇ ਸਮੇਂ ਦੀ ਹਫੜਾ-ਦਫੜੀ ਦੀ ਯਾਦ ਦਿਵਾਉਂਦਾ ਹੈ। ਹਾਲਾਂਕਿ, ਇਨ੍ਹਾਂ ਅੰਕੜਿਆਂ ਦੀ ਸੁਤੰਤਰ ਤੌਰ ਉਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ।
ਇਰਾਨ ਦੇ ਅਧਿਕਾਰੀਆਂ ਨੇ ਅਜੇ ਤਕ ਮਰਨ ਵਾਲਿਆਂ ਦੀ ਸਪੱਸ਼ਟ ਗਿਣਤੀ ਜਾਰੀ ਨਹੀਂ ਕੀਤੀ ਹੈ, ਪਰ ਸਨਿਚਰਵਾਰ ਨੂੰ ਦੇਸ਼ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੀ ਨੇ ਕਿਹਾ ਕਿ ਪ੍ਰਦਰਸ਼ਨਾਂ ਵਿਚ ‘ਕਈ ਹਜ਼ਾਰ’ ਲੋਕ ਮਾਰੇ ਗਏ ਹਨ ਅਤੇ ਇਸ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਰਾਨ ਦੇ ਕਿਸੇ ਨੇਤਾ ਦਾ ਇਹ ਪਹਿਲਾ ਸੰਕੇਤ ਸੀ ਕਿ 28 ਦਸੰਬਰ ਨੂੰ ਇਰਾਨ ਦੀ ਕਮਜ਼ੋਰ ਆਰਥਕਤਾ ਵਿਰੁਧ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਵਿਆਪਕ ਜਾਨੀ ਨੁਕਸਾਨ ਹੋਇਆ ਸੀ। ਮਨੁੱਖੀ ਅਧਿਕਾਰ ਕਾਰਕੁਨਾਂ ਦੀ ਨਿਊਜ਼ ਏਜੰਸੀ ਮੁਤਾਬਕ ਪ੍ਰਦਰਸ਼ਨਾਂ ਨੂੰ ਕੁਚਲਣ ਦੀ ਮੁਹਿੰਮ ’ਚ 24,669 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਈਰਾਨੀ ਅਧਿਕਾਰੀਆਂ ਨੇ ਵਾਰ-ਵਾਰ ਅਮਰੀਕਾ ਅਤੇ ਇਜ਼ਰਾਈਲ ਉਤੇ ਦੇਸ਼ ਵਿਚ ਅਸ਼ਾਂਤੀ ਫੈਲਾਉਣ ਦਾ ਦੋਸ਼ ਲਾਇਆ ਹੈ। ਅਮਰੀਕਾ ਨਾਲ ਤਣਾਅ ਲਗਾਤਾਰ ਬਣਿਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਚਿਤਾਵਨੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਨੂੰ ਲਗਦਾ ਹੈ ਕਿ ਇਰਾਨ ਸਰਕਾਰ ਪ੍ਰਦਰਸ਼ਨਕਾਰੀਆਂ ਵਿਰੁਧ ਮਾਰੂ ਤਾਕਤ ਦੀ ਵਰਤੋਂ ਕਰ ਰਹੀ ਹੈ ਤਾਂ ਫੌਜੀ ਕਾਰਵਾਈ ਕੀਤੀ ਜਾ ਸਕਦੀ ਹੈ। (ਪੀਟੀਆਈ)
