
ਵਿਰੋਧ 'ਚ ਆਏ ਹੋਰ ਪਹਿਲਵਾਨ, ਕਿਹਾ- ਜਾਵਾਂਗੇ ਕੋਰਟ
ਨਵੀਂ ਦਿੱਲੀ : ਵਿਰੋਧ ਕਰ ਰਹੇ ਉਲੰਪਿਕ ਤਮਗ਼ਾ ਜੇਤੂ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਹਾਂਗਜ਼ੂ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 'ਚ ਸਿੱਧੀ ਐਂਟਰੀ ਮਿਲ ਗਈ ਹੈ। ਹੁਣ ਉਸ ਨੂੰ ਚੋਣ ਟਰਾਇਲਾਂ 'ਚ ਹਿੱਸਾ ਨਹੀਂ ਲੈਣਾ ਪਵੇਗਾ, ਜਦਕਿ ਜੰਤਰ-ਮੰਤਰ ਮੈਦਾਨ 'ਤੇ ਪ੍ਰਦਰਸ਼ਨ ਕਰਨ ਵਾਲੇ ਹੋਰ ਚਾਰ ਪਹਿਲਵਾਨਾਂ ਨੂੰ 22-23 ਜੁਲਾਈ ਨੂੰ ਦਿੱਲੀ ਦੇ ਕੇਡੀ ਜਾਧਵ ਸਟੇਡੀਅਮ 'ਚ ਹੋਣ ਵਾਲੇ ਓਪਨ ਟਰਾਇਲਾਂ 'ਚ ਹਿੱਸਾ ਲੈਣਾ ਹੋਵੇਗਾ।
WFI ਦੀ ਐਡਹਾਕ ਕਮੇਟੀ ਮੈਂਬਰ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ, "ਅਸੀਂ ਸਾਰੀਆਂ ਸ਼੍ਰੇਣੀਆਂ ਵਿਚ ਟਰਾਇਲਾਂ ਦਾ ਆਯੋਜਨ ਕਰਾਂਗੇ, ਪਰ ਪੁਰਸ਼ਾਂ ਦੇ ਫ੍ਰੀ-ਸਟਾਈਲ 65 ਕਿਲੋਗ੍ਰਾਮ ਅਤੇ ਔਰਤਾਂ ਦੇ 53 ਕਿਲੋਗ੍ਰਾਮ ਵਿਚ ਜੇਤੂਆਂ ਨੂੰ ਸਟੈਂਡਬਾਏ ਰਖਿਆ ਜਾਵੇਗਾ।" ਇਨ੍ਹਾਂ ਵਰਗਾਂ 'ਚੋਂ ਬਜਰੰਗ ਅਤੇ ਵਿਨੇਸ਼ ਭਾਰਤੀ ਟੀਮ ਦੀ ਨੁਮਾਇੰਦਗੀ ਕਰਨਗੇ, ਜਦਕਿ ਟਰਾਇਲ ਜਿੱਤਣ ਵਾਲੇ ਪਹਿਲਵਾਨ ਸਟੈਂਡਬਾਏ ਰਹਿਣਗੇ। ਹੋਰ ਪਹਿਲਵਾਨਾਂ ਨੇ ਵਿਰੋਧ ਕੀਤਾ ਹੈ ਅਤੇ ਅਦਾਲਤ ਵਿਚ ਜਾਣ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਆੜ੍ਹਤੀ ਨੇ ਕੀਤੀ ਖ਼ੁਦਕੁਸ਼ੀ
ਐਡਹਾਕ ਪੈਨਲ ਨੇ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਟਰਾਇਲਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ ਪਰ ਪੈਨਲ ਦੇ ਮੈਂਬਰ ਅਸ਼ੋਕ ਗਰਗ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਪਹਿਲਵਾਨਾਂ ਨੂੰ ਟਰਾਇਲ ਤੋਂ ਛੋਟ ਦਿਤੀ ਗਈ ਹੈ।
ਜਾਣਕਾਰੀ ਅਨੁਸਾਰ ਐਡਹਾਕ ਕਮੇਟੀ ਨੇ ਪਹਿਲਾਂ ਛੇ ਪ੍ਰਦਰਸ਼ਨਕਾਰੀ ਭਲਵਾਨਾਂ ਲਈ ਵੱਖਰੇ ਟਰਾਇਲ ਰੱਖੇ ਸਨ, ਜੋ 8-10 ਅਗਸਤ ਦਰਮਿਆਨ ਹੋਣੇ ਸਨ। ਇਸ ਦੇ ਲਈ ਆਈ.ਓ.ਏ. ਨੇ ਓ.ਸੀ.ਏ. ਨੂੰ ਨਾਂਅ ਭੇਜਣ ਦੀ ਆਖ਼ਰੀ ਤਰੀਕ 5 ਅਗਸਤ ਤਕ ਵਧਾਉਣ ਲਈ ਕਿਹਾ ਸੀ, ਉਲੰਪਿਕ ਕੌਂਸਲ ਆਫ਼ ਏਸ਼ੀਆ (ਓਸੀਏ) ਨੇ ਨਾਮ ਭੇਜਣ ਦੀ ਆਖ਼ਰੀ ਤਰੀਕ ਵਿਚ ਕੋਈ ਹੋਰ ਢਿੱਲ ਦੇਣ ਤੋਂ ਇਨਕਾਰ ਕਰ ਦਿਤਾ। ਇਸ ਕਾਰਨ ਐਡਹਾਕ ਕਮੇਟੀ ਨੇ 22-23 ਜੁਲਾਈ ਨੂੰ ਹੀ ਟਰਾਇਲ ਕਰਵਾਉਣੇ ਹਨ ਕਿਉਂਕਿ 23 ਜੁਲਾਈ ਨਾਂਅ ਭੇਜਣ ਦੀ ਆਖ਼ਰੀ ਤਰੀਕ ਹੈ। ਇਸ ਤੋਂ ਪਹਿਲਾਂ, ਓ.ਸੀ..ਏ ਨੇ ਆਖਰੀ ਮਿਤੀ (15 ਅਗਸਤ) ਨੂੰ ਇਕ ਹਫ਼ਤੇ ਲਈ ਵਾਧਾ ਦਿਤਾ ਸੀ।