
58 ਸਾਲ ਦੇ ਮਾਈਕ ਟਾਇਨ ਦਾ ਮੁਕਾਬਲਾ 27 ਸਾਲ ਦੇ ਜੈਕ ਪਾਲ ਨਾਲ 15 ਨਵੰਬਰ ਨੂੰ ਹੋਵੇਗਾ
ਨਿਊਯਾਰਕ: 58 ਸਾਲ ਦੇ ਮਾਈਕ ਟਾਇਸਨ ਨੂੰ ਭਾਵੇਂ ਸਿਹਤ ਨਾਲ ਸਬੰਧਤ ਕਾਰਨਾਂ ਕਰਕੇ ਰਿੰਗ ’ਚ ਵਾਪਸੀ ਮੁਲਤਵੀ ਕਰਨੀ ਪਈ ਹੈ ਪਰ ਇਹ ਮਹਾਨ ਮੁੱਕੇਬਾਜ਼ ਫਿਰ ਤੋਂ ਮੁੱਕੇਬਾਜ਼ੀ ਦੇ ਰਿੰਗ ’ਚ ਉਤਰਨ ਲਈ ਤਿਆਰ ਹੈ।
ਕਦੇ ਦੁਨੀਆਂ ਦੇ ਸੱਭ ਤੋਂ ਖਤਰਨਾਕ ਮੁੱਕੇਬਾਜ਼ ਰਹੇ ਟਾਇਸਨ ਦੁਬਾਰਾ ਰਿੰਗ ’ਚ ਦਾਖਲ ਹੋ ਕੇ ਖ਼ੁਦ ਨੂੰ ਖਤਰੇ ’ਚ ਪਾ ਸਕਦੇ ਹਨ। ਐਤਵਾਰ ਨੂੰ ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਉਹ ਜੈਕ ਪਾਲ ਨਾਲ ਮੁਕਾਬਲਾ ਕਿਉਂ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਤਿੱਖਾ ਜਵਾਬ ਦਿਤਾ ਅਤੇ ਕਿਹਾ, ‘‘ਕਿਉਂਕਿ ਮੈਂ ਅਜਿਹਾ ਕਰ ਸਕਦਾ ਹਾਂ। ਕੀ ਮੇਰੇ ਤੋਂ ਇਲਾਵਾ ਕੋਈ ਹੋਰ ਹੈ ਜੋ ਇਹ ਕਰ ਸਕਦਾ ਹੈ। ਇਸ ਲੜਾਈ ’ਚ ਮੇਰੇ ਤੋਂ ਇਲਾਵਾ ਹੋਰ ਕੌਣ ਲੜੇਗਾ।’’
ਇਸ ਦੌਰਾਨ ਪ੍ਰਸ਼ੰਸਕਾਂ ਨੇ ਟਾਇਸਨ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ ਜਦਕਿ ਪਾਲ ਦੀ ਹੂਟਿੰਗ ਕੀਤੀ। ਟਾਇਸਨ ਅਤੇ ਪਾਲ ਵਿਚਾਲੇ ਮੈਚ ਪਹਿਲਾਂ 20 ਜੁਲਾਈ ਨੂੰ ਹੋਣਾ ਸੀ। ਟਾਇਸਨ ਨੂੰ ਅਲਸਰ ਦੀਆਂ ਸਮੱਸਿਆਵਾਂ ਹੋਣ ਕਾਰਨ ਇਸ ਨੂੰ ਮੁਲਤਵੀ ਕਰ ਦਿਤਾ ਗਿਆ ਸੀ। ਇਹ ਮੈਚ ਹੁਣ 15 ਨਵੰਬਰ ਨੂੰ ਟੈਕਸਾਸ ਦੇ ਆਰਲਿੰਗਟਨ ’ਚ ਖੇਡਿਆ ਜਾਵੇਗਾ।
ਟਾਈਸਨ ਨੇ ਕਿਹਾ ਕਿ ਉਹ ਹੁਣ ਚੰਗਾ ਮਹਿਸੂਸ ਕਰ ਰਿਹਾ ਹੈ ਅਤੇ ਉਸ ਨੇ ਦੋ ਜਾਂ ਤਿੰਨ ਹਫ਼ਤੇ ਪਹਿਲਾਂ ਸਿਖਲਾਈ ਸ਼ੁਰੂ ਕੀਤੀ ਸੀ। ਉਸ ਨੇ ਕਿਹਾ, ‘‘ਅਤੇ ਸੁਣੋ। ਮੈਂ ਪੂਰੀ ਤਰ੍ਹਾਂ ਤਿਆਰ ਹਾਂ।’’ ਟਾਈਸਨ 1987 ਤੋਂ 1990 ਤਕ ਨਿਰਵਿਵਾਦ ਹੈਵੀਵੇਟ ਚੈਂਪੀਅਨ ਸਨ। ਉਹ 2005 ’ਚ ਰਿਟਾਇਰ ਹੋਏ ਸਨ। ਟਾਇਸਨ ਨੇ ਇਸ ਤੋਂ ਬਾਅਦ 2020 ’ਚ ਰੋਏ ਜੋਨਸ ਵਿਰੁਧ ਇਕ ਪ੍ਰਦਰਸ਼ਨੀ ਮੁਕਾਬਲੇ ’ਚ ਰਿੰਗ ’ਚ ਵਾਪਸੀ ਕੀਤੀ ਸੀ।