ਭਾਰਤ ਨੇ ਮੁਕਾਬਲੇ ’ਚ ਅਪਣੀ ਮੁਹਿੰਮ ਦਾ ਅੰਤ ਤਿੰਨ ਸੋਨੇ ਅਤੇ ਇਕ ਚਾਂਦੀ ਦੇ ਤਗਮੇ ਨਾਲ ਕੀਤਾ
ਤੇਹਰਾਨ: ਭਾਰਤ ਦੇ ਗੁਲਵੀਰ ਸਿੰਘ ਨੂੰ ਏਸ਼ੀਆਈ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ’ਚ ਪੁਰਸ਼ਾਂ ਦੀ 3000 ਮੀਟਰ ਦੌੜ ’ਚ ਸੋਨ ਤਮਗਾ ਗੁਆਉਣਾ ਪਿਆ। ਗੁਲਵੀਰ ਨੇ ਸੋਮਵਾਰ ਨੂੰ 3000 ਮੀਟਰ ਦਾ ਫਾਈਨਲ 8 ਮਿੰਟ 07.48 ਸੈਕਿੰਡ ਦੇ ਸਮੇਂ ਨਾਲ ਜਿੱਤਿਆ ਸੀ। ਇਹ ਟੂਰਨਾਮੈਂਟ ਓਲੰਪਿਕ ’ਚ ਸ਼ਾਮਲ ਨਹੀਂ ਹੈ। ਬਾਅਦ ’ਚ ਭਾਰਤੀ ਨੂੰ ‘ਲੇਨ ਉਲੰਘਣਾ’ ਲਈ ਅਯੋਗ ਕਰਾਰ ਦਿਤਾ ਗਿਆ ਸੀ।
ਭਾਰਤੀ ਅਥਲੈਟਿਕਸ ਫੈਡਰੇਸ਼ਨ (ਏ.ਐਫ.ਆਈ.) ਨੇ ਵੀ ਦੇਰ ਰਾਤ ਇਸ ਫੈਸਲੇ ਵਿਰੁਧ ਅਪੀਲ ਦਾਇਰ ਕੀਤੀ ਸੀ ਪਰ ਇਸ ਨੂੰ ਵੀ ਰੱਦ ਕਰ ਦਿਤਾ ਗਿਆ ਸੀ। ਟੀਮ ਦੇ ਨਾਲ ਆਏ ਇਕ ਕੋਚ ਨੇ ਦਸਿਆ, ‘‘ਹਾਂ, ਇਹ ਫੈਸਲਾ ਸੁਣਾਇਆ ਗਿਆ ਸੀ ਕਿ ਗੁਲਵੀਰ ਨੇ ਲੇਨ ਦੀ ਉਲੰਘਣਾ ਕੀਤੀ ਸੀ।’’ ਏ.ਐਫ.ਆਈ. ਨੇ ਵੀ ਵਿਰੋਧ ਦਰਜ ਕਰਵਾਇਆ ਪਰ ਇਸ ਨੂੰ ਰੱਦ ਕਰ ਦਿਤਾ ਗਿਆ।
ਜਿਊਰੀ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਦੇ ਕਾਫੀ ਸਬੂਤ ਹਨ ਕਿ ਗੁਲਵੀਰ ਨੇ ਲੇਨ ਦੀ ਉਲੰਘਣਾ ਕੀਤੀ ਸੀ। ਨਿਯਮ 17.2 ਅਤੇ 17.3 ਇਹ ਨਿਰਧਾਰਤ ਕਰਦੇ ਹਨ ਕਿ ਕਿਵੇਂ ਕੋਈ ਅਥਲੀਟ ਲੇਨ ਦੀ ਉਲੰਘਣਾ ਕਰ ਸਕਦਾ ਹੈ ਅਤੇ ਕਿਹੜੇ ਹਾਲਾਤ ’ਚ ਉਸ ਨੂੰ ਅਯੋਗ ਨਹੀਂ ਠਹਿਰਾਇਆ ਜਾ ਸਕਦਾ। ਇਨ੍ਹਾਂ ਨਿਯਮਾਂ ਅਨੁਸਾਰ ਕਿਸੇ ਵੀ ਐਥਲੀਟ ਨੂੰ ਉਸੇ ਲੇਨ ’ਚ ਦੌੜਨਾ ਪੈਂਦਾ ਹੈ ਜੋ ਉਸ ਨੂੰ ਸ਼ੁਰੂ ਤੋਂ ਅੰਤ ਤਕ ਅਲਾਟ ਕੀਤੀ ਗਈ ਹੈ। ਦੂਜੇ ਸਥਾਨ ’ਤੇ ਰਹੇ ਕਿਰਗਿਸਤਾਨ ਦੇ ਕੇਨੇਸ਼ਬੇਕੋਵ ਨੂਰਸੁਲਤਾਨ ਨੇ ਸੋਨ ਤਮਗਾ ਜਿੱਤਿਆ, ਜਦਕਿ ਤੀਜੇ ਸਥਾਨ ’ਤੇ ਰਹੇ ਈਰਾਨ ਦੇ ਜਲੀਲ ਨਾਸਰੀ ਨੇ ਚਾਂਦੀ ਅਤੇ ਕਜ਼ਾਖਸਤਾਨ ਦੇ ਫਰੋਲੋਵਸਕੀ ਨੇ ਕਾਂਸੀ ਦਾ ਤਗਮਾ ਜਿੱਤਿਆ।
ਇਸ ਤਰ੍ਹਾਂ ਭਾਰਤ ਨੇ ਮੁਕਾਬਲੇ ’ਚ ਅਪਣੀ ਮੁਹਿੰਮ ਦਾ ਅੰਤ ਤਿੰਨ ਸੋਨੇ ਅਤੇ ਇਕ ਚਾਂਦੀ ਦੇ ਤਗਮੇ ਨਾਲ ਕੀਤਾ। ਸਨਿਚਰਵਾਰ ਨੂੰ ਤੇਜਿੰਦਰ ਪਾਲ ਸਿੰਘ ਤੂਰ ਨੇ ਗੋਲਾ ਸੁੱਟਣ ’ਚ, ਜੋਤੀ ਯਾਰਾਜੀ ਨੇ 100 ਮੀਟਰ ਰੁਕਾਵਟ ਦੌੜ ’ਚ ਅਤੇ ਹਰਮਿਲਨ ਬੈਂਸ ਨੇ 1500 ਮੀਟਰ ਦੌੜ ’ਚ ਸੋਨ ਤਗਮਾ ਜਿੱਤਿਆ। ਅੰਕਿਤਾ ਨੇ ਔਰਤਾਂ ਦੀ 3000 ਮੀਟਰ ਦੌੜ ’ਚ 9:26.22 ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ।