ਲੋਕ ਸਭਾ ਚੋਣਾਂ ਦੇ ਬਾਵਜੂਦ ਪੂਰੀ ਤਰ੍ਹਾਂ ਦੇਸ਼ ਵਿਚ ਖੇਡਿਆ ਜਾਵੇਗਾ IPL
ਨਵੀਂ ਦਿੱਲੀ, 20 ਫ਼ਰਵਰੀ: ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦਾ ਆਗਾਮੀ ਐਡੀਸ਼ਨ 22 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਲੋਕ ਸਭਾ ਚੋਣਾਂ ਦੇ ਬਾਵਜੂਦ ਪੂਰੀ ਤਰ੍ਹਾਂ ਦੇਸ਼ ਵਿਚ ਕਰਵਾਇਆ ਜਾਵੇਗਾ।
ਆਈ.ਪੀ.ਐਲ. ਦੇ ਚੇਅਰਮੈਨ ਅਰੁਣ ਧੂਮਲ ਨੇ ਇਹ ਜਾਣਕਾਰੀ ਦਿਤੀ। ਆਮ ਚੋਣਾਂ ਅਪ੍ਰੈਲ-ਮਈ ’ਚ ਹੋਣ ਦੀ ਸੰਭਾਵਨਾ ਹੈ ਅਤੇ ਇਹੀ ਕਾਰਨ ਹੈ ਕਿ ਆਈ.ਪੀ.ਐਲ. ਦੇ 17ਵੇਂ ਐਡੀਸ਼ਨ ਦਾ ਪ੍ਰੋਗਰਾਮ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਧੂਮਲ ਨੇ ਦਸਿਆ ਕਿ ਸ਼ੁਰੂਆਤ ’ਚ ਲੀਗ ਦੇ ਪਹਿਲੇ 15 ਦਿਨਾਂ ਦਾ ਐਲਾਨ ਕੀਤਾ ਜਾਵੇਗਾ। ਬਾਕੀ ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਕੀਤਾ ਜਾਵੇਗਾ। ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅਗਲੇ ਮਹੀਨੇ ਦੇ ਸ਼ੁਰੂ ’ਚ ਕੀਤੇ ਜਾਣ ਦੀ ਸੰਭਾਵਨਾ ਹੈ।
ਧੂਮਲ ਨੇ ਕਿਹਾ, ‘‘ਅਸੀਂ 22 ਮਾਰਚ ਤੋਂ ਟੂਰਨਾਮੈਂਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਪਹਿਲਾਂ ਸ਼ੁਰੂਆਤੀ ਪ੍ਰੋਗਰਾਮ ਜਾਰੀ ਕਰਾਂਗੇ। ਪੂਰਾ ਟੂਰਨਾਮੈਂਟ ਭਾਰਤ ’ਚ ਹੋਵੇਗਾ। ਇਸ ਤੋਂ ਪਹਿਲਾਂ 2009 ਦੀਆਂ ਆਮ ਚੋਣਾਂ ਦੌਰਾਨ ਆਈ.ਪੀ.ਐਲ. ਦਾ ਪੂਰਾ ਸੀਜ਼ਨ ਦਖਣੀ ਅਫਰੀਕਾ ’ਚ ਹੋਇਆ ਸੀ, ਜਦਕਿ 2014 ’ਚ ਕੁੱਝ ਮੈਚ ਯੂ.ਏ.ਈ. ’ਚ ਹੋਏ ਸਨ।
ਇਸ ਤੋਂ ਬਾਅਦ 2019 ਦੀਆਂ ਆਮ ਚੋਣਾਂ ਦੌਰਾਨ ਇਹ ਲੀਗ ਪੂਰੀ ਤਰ੍ਹਾਂ ਦੇਸ਼ ’ਚ ਕੀਤੀ ਗਈ ਸੀ। ਜੂਨ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਆਈ.ਪੀ.ਐਲ. ਦਾ ਫਾਈਨਲ 26 ਮਈ ਨੂੰ ਹੋਣ ਦੀ ਸੰਭਾਵਨਾ ਹੈ। ਭਾਰਤ ਟੀ-20 ਵਿਸ਼ਵ ਕੱਪ ’ਚ ਅਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਨਿਊਯਾਰਕ ’ਚ ਆਇਰਲੈਂਡ ਵਿਰੁਧ ਕਰੇਗਾ। ਟੂਰਨਾਮੈਂਟ ਦੀ ਸ਼ੁਰੂਆਤ 1 ਜੂਨ ਨੂੰ ਅਮਰੀਕਾ ਬਨਾਮ ਕੈਨੇਡਾ ਮੈਚ ਨਾਲ ਹੋਵੇਗੀ। ਆਮ ਤੌਰ ’ਤੇ ਆਈ.ਪੀ.ਐਲ. ਦਾ ਉਦਘਾਟਨੀ ਮੈਚ ਪਿਛਲੇ ਸਾਲ ਦੀ ਜੇਤੂ ਅਤੇ ਉਪ ਜੇਤੂ ਵਿਚਕਾਰ ਹੁੰਦਾ ਹੈ। ਅਜਿਹੇ ’ਚ ਇਸ ਦਾ ਸ਼ੁਰੂਆਤੀ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਖੇਡੇ ਜਾਣ ਦੀ ਸੰਭਾਵਨਾ ਹੈ। (ਪੀਟੀਆਈ)