
ਖੇਡ ਮੰਤਰੀ ਰਾਣਾ ਸੋਢੀ ਵੱਲੋਂ ਟੋਕੀਓ ਉਲੰਪਿਕਸ ਲਈ ਕੁਆਲੀਫਾਈ ਕਰਨ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਨੂੰ ਵਧਾਈ
ਚੰਡੀਗੜ੍ਹ: ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਟੋਕੀਓ ਓਲੰਪਿਕ-2021 ਵਿੱਚ ਕੁਆਲੀਫਾਈ ਕਰਨ ਲਈ ਰੱਖੀ 63.50 ਮੀਟਰ ਦੀ ਹੱਦ ਤੋਂ ਕਿਤੇ ਪਰੇ ਡਿਸਕਸ ਥਰੋਅ ਸੁੱਟ ਕੇ ਕੁਆਲੀਫਾਈ ਕਰਨ ਵਾਲੀ ਅਤੇ 9 ਸਾਲ ਪੁਰਾਣਾ ਕੌਮੀ ਰਿਕਾਰਡ ਤੋੜਨ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ।
Kamalpreet Kaur
ਇਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਵਿਅਕਤੀਗਤ ਮੁਕਾਬਲਿਆਂ ਵਿੱਚ ਮੁੱਕੇਬਾਜ਼ੀ ਵਿੱਚ ਸਿਮਰਜੀਤ ਕੌਰ ਚੱਕਰ ਤੋਂ ਬਾਅਦ ਉਲੰਪਿਕਸ ਲਈ ਕੁਆਲੀਫਾਈ ਕਰ ਕੇ ਕਮਲਪ੍ਰੀਤ ਕੌਰ ਨੇ ਹੁਣ ਪੰਜਾਬ ਦਾ ਮਾਣ ਵਧਾਇਆ ਹੈ। ਬਾਦਲ ਪਿੰਡ ਦੀ ਕਮਲਪ੍ਰੀਤ ਕੌਰ ਨੇ ਐਨ.ਆਈ.ਐਸ.ਪਟਿਆਲਾ ਵਿਖੇ 15 ਤੋਂ 19 ਮਾਰਚ ਤੱਕ ਹੋਏ ਫੈਡਰੇਸ਼ਨ ਕੱਪ ਨੈਸ਼ਨਲ ਅਥਲੈਟਿਕਸ ਦੇ ਆਖ਼ਰੀ ਦਿਨ ਪਹਿਲੀ ਹੀ ਥਰੋਅ 65.06 ਮੀਟਰ ਸੁੱਟੀ।
Kamalpreet Kaur
ਇਸ ਦੇ ਨਾਲ ਹੀ 65 ਮੀਟਰ ਦੀ ਹੱਦ ਪਾਰ ਕਰਨ ਵਾਲੀ ਉਹ ਪਹਿਲੀ ਭਾਰਤੀ ਥਰੋਅਰ ਬਣ ਗਈ ਅਤੇ ਡਿਸਕਸ ਥਰੋਅ ਵਿੱਚ 9 ਸਾਲ ਪਹਿਲਾਂ ਬਣਾਇਆ ਗਿਆ ਕੌਮੀ ਰਿਕਾਰਡ ਤੋੜਦਿਆਂ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਗਈ। ਕਮਲਪ੍ਰੀਤ ਨੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਕ੍ਰਿਸ਼ਨਾ ਪੂਨੀਆ ਦਾ ਨੈਸ਼ਨਲ ਰਿਕਾਰਡ ਤੋੜਿਆ ਜਿਸ ਨੇ 2012 ਵਿੱਚ 64.76 ਮੀਟਰ ਦੀ ਥਰੋਅ ਸੁੱਟ ਕੇ ਰਿਕਾਰਡ ਕਾਇਮ ਕੀਤਾ ਸੀ।
Kamalpreet Kaur
ਰਾਣਾ ਸੋਢੀ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ ਕਿ ਪੰਜਾਬ ਦੀਆਂ ਧੀਆਂ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ। ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਖੇਡਾਂ ਵਿੱਚ ਆਪਣਾ ਪਹਿਲਾਂ ਵਾਲਾ ਮੁਕਾਮ ਹਾਸਲ ਕਰੇਗਾ।" ਉਨ੍ਹਾਂ ਮੁੜ ਦੁਹਰਾਇਆ ਕਿਹਾ ਕਿ ਖਿਡਾਰੀ ਜੀਅ-ਜਾਨ ਨਾਲ ਖੇਡ ਪਿੜ ਵਿੱਚ ਸਫ਼ਲਤਾ ਦੇ ਝੰਡੇ ਗੱਡਣ। ਪੰਜਾਬ ਸਰਕਾਰ ਉਨ੍ਹਾਂ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਖਿਡਾਰੀਆਂ ਦੀ ਖੇਡ ਜਾਂ ਜੀਵਨ ਨਿਰਵਾਹ ਸਬੰਧੀ ਕਿਸੇ ਵੀ ਲੋੜ ਨੂੰ ਸਰਕਾਰ ਤਰਜੀਹੀ ਤੌਰ 'ਤੇ ਪੂਰਾ ਕਰੇਗੀ।
Rana Gurmit Singh Sodhi 's facebook post