
BCCI ਨੇ ਬਦਲੀ ਜਗ੍ਹਾ
IPL 2025: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਈ.ਪੀ.ਐਲ. 2025 ਦੇ ਪਲੇਆਫ ਦੇ ਨਵੇਂ ਸ਼ਡਿਊਲ ਦਾ ਐਲਾਨ ਕਰ ਦਿਤਾ ਹੈ। ਹੁਣ ਇਸ ਸੀਜ਼ਨ ਦਾ ਫ਼ਾਈਨਲ ਮੈਚ ਕੋਲਕਾਤਾ ਦੇ ਈਡਨ ਗਾਰਡਨ ਦੀ ਥਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਕਰਕੇ, ਆਈ.ਪੀ.ਐਲ. ਦਾ ਮੌਜੂਦਾ ਸੀਜ਼ਨ ਇਕ ਹਫ਼ਤੇ ਲਈ ਮੁਲਤਵੀ ਕਰ ਦਿਤਾ ਗਿਆ ਸੀ, ਜੋ ਕਿ 17 ਮਈ ਤੋਂ ਦੁਬਾਰਾ ਸ਼ੁਰੂ ਹੋਇਆ ਸੀ।
ਬੀ.ਸੀ.ਸੀ.ਆਈ. ਨੇ ਬਾਕੀ ਮੈਚਾਂ ਲਈ ਨਵੇਂ ਸ਼ਡਿਊਲ ਦਾ ਐਲਾਨ ਕੀਤਾ ਸੀ ਪਰ ਫ਼ਾਈਨਲ ਅਤੇ ਪਲੇਆਫ ਦੇ ਸਥਾਨਾਂ ਦਾ ਖੁਲਾਸਾ ਨਹੀਂ ਕੀਤਾ ਸੀ। ਇਹ ਮੰਨਿਆ ਜਾ ਰਿਹਾ ਸੀ ਕਿ ਕੋਲਕਾਤਾ ਫ਼ਾਈਨਲ ਦੀ ਮੇਜ਼ਬਾਨੀ ਖੋਹ ਸਕਦਾ ਹੈ ਅਤੇ ਮੰਗਲਵਾਰ ਨੂੰ ਇਸਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਹੋ ਗਈ। ਬੀ.ਸੀ.ਸੀ.ਆਈ. ਦੇ ਨਵੇਂ ਸ਼ਡਿਊਲ ਦੇ ਅਨੁਸਾਰ, ਨਿਊ ਚੰਡੀਗੜ੍ਹ ਦੇ ਪੀਸੀਏ ਸਟੇਡੀਅਮ ਵਿਚ 29 ਮਈ ਨੂੰ ਕੁਆਲੀਫਾਇਰ-1 ਤੇ 30 ਮਈ ਨੂੰ ਐਲੀਮੀਨੇਟਰ ਮੈਚ ਹੋਵੇਗਾ।
ਇਸ ਦੇ ਨਾਲ ਹੀ, ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਨਰਿੰਦਰ ਮੋਦੀ ਸਟੇਡੀਅਮ, 1 ਜੂਨ ਨੂੰ ਕੁਆਲੀਫਾਇਰ-2 ਅਤੇ 3 ਜੂਨ ਨੂੰ ਫ਼ਾਈਨਲ ਮੈਚ ਦੀ ਮੇਜ਼ਬਾਨੀ ਕਰੇਗਾ। ਪੁਰਾਣੇ ਸ਼ਡਿਊਲ ਦੇ ਅਨੁਸਾਰ, ਹੈਦਰਾਬਾਦ ਅਤੇ ਕੋਲਕਾਤਾ ਪਲੇਆਫ਼ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸਨ। ਆਈਪੀਐਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਆਈਪੀਐਲ ਗਵਰਨਿੰਗ ਕੌਂਸਲ ਨੇ ਮੌਸਮ ਅਤੇ ਹੋਰ ਕਾਰਨਾਂ ਕਰਕੇ ਪਲੇਆਫ ਅਤੇ ਫਾਈਨਲ ਦੇ ਸਥਾਨ ਬਦਲ ਦਿਤੇ ਹਨ।
ਆਈਪੀਐਲ 2025 ਸੀਜ਼ਨ ਹੁਣ ਆਪਣੇ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ ਅਤੇ ਹੁਣ ਤੱਕ ਪੰਜਾਬ ਕਿੰਗਜ਼, ਗੁਜਰਾਤ ਟਾਈਟਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਚੌਥੇ ਸਥਾਨ ਲਈ ਲੜਾਈ ਅਜੇ ਵੀ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਜਾਰੀ ਹੈ। ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ), ਲਖਨਊ ਸੁਪਰ ਜਾਇੰਟਸ, ਚੇਨਈ ਸੁਪਰ ਕਿੰਗਜ਼ (ਸੀਐਸਕੇ), ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਦਾ ਸਫ਼ਰ ਗਰੁੱਪ ਪੜਾਅ ਵਿੱਚ ਹੀ ਖਤਮ ਹੋ ਗਿਆ ਹੈ। (ਏਜੰਸੀ)