
ਭਾਰਤ ਬੰਦ ਦੇ ਸੱਦੇ ਦੀ ਚਰਚਾ ਕਾਰਨ ਪੰਜਾਬ ਪੁਲਿਸ ਹੋਈ ਚੌਕਸ
ਬਠਿੰਡਾ (ਸ਼ਿਵਰਾਜ ਸਿੰਘ ਰਾਜੂ, ਭੁੱਲਰ) : ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਕਾਰਨ ਨੌਜਵਾਨਾਂ ਵਲੋਂ ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਰੋਸ ਪ੍ਰਦਰਸ਼ਨ ਕੀਤਾ ਤੇ ਰੇਲ ਗੱਡੀਆਂ ਅਤੇ ਸਰਕਾਰੀ ਜਾਇਦਾਦ ਦੀ ਭੰਨਤੋੜ ਕੀਤੀ ਗਈ, ਜਿਸ ਨੂੰ ਲੈ ਕੇ ਪੰਜਾਬ ਦੇ ਰੇਲਵੇ ਸਟੇਸ਼ਨਾਂ ’ਤੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
Punjab Police
ਅੱਜ ਬਠਿੰਡਾ ਦੇ ਰੇਲਵੇ ਸਟੇਸ਼ਨ ’ਤੇ ਜੀਆਰਪੀ, ਆਰਪੀਐਫ਼ ਅਤੇ ਐਂਟੀ ਸਾਬੋਤਾਜ ਦੀਆਂ ਟੀਮਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਵੱਡੀ ਗਿਣਤੀ ਵਿਚ ਪੁਲਿਸ ਫੋਰਸ ਦੇ ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨ ਦਾ ਚੱਪਾ ਚੱਪਾ ਛਾਣਿਆ ਤੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਫੋਰਸ ਵਲੋਂ ਵੀ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ।
ਰੇਲਵੇ ਸਟੇਸ਼ਨ ’ਤੇ ਆਉਣ ਅਤੇ ਜਾਣ ਵਾਲੀਆਂ ਗੱਡੀਆਂ ਦੇ ਹਰ ਡੱਬੇ ਦੀ ਬਰੀਕੀ ਨਾਲ ਛਾਣਬੀਣ ਕੀਤੀ ਗਈ। ਜੀਆਰਪੀ ਦੇ ਐਸਐਚਓ ਜਤਿੰਦਰ ਸਿੰਘ ਨੇ ਦਸਿਆ ਕਿ ਰੇਲਵੇ ਸਟੇਸ਼ਨ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
Agnipath Scheme: IAF to begin recruitment on June 24
ਭਾਰਤੀ ਫ਼ੌਜ ਮੁਖੀ ਵਲੋਂ ਅਗਨੀਪਥ ਯੋਜਨਾ ਵਾਪਸ ਲੈਣ ਬਾਰੇ ਨਾਂਹ ਕਰਨ ਅਤੇ ਨਵੀਂ ਸਕੀਮ ਤਹਿਤ ਭਰਤੀ 24 ਜੂਨ ਤੋਂ ਸ਼ੁਰੂ ਕਰਨ ਦੇ ਐਲਾਨ ਬਾਅਦ ਨੌਜਵਾਨਾਂ ’ਚ ਗੁੱਸਾ ਹੋਰ ਵਧ ਗਿਆ ਹੈ। ਕੁੱਝ ਨੌਜਵਾਨਾਂ ਵਲੋਂ ਆਪ ਮੁਹਾਰੇ 20 ਜੂਨ ਨੂੰ ਭਾਰਤ ਬੰਦ ਦਾ ਐਲਾਲ ਕਰ ਦਿਤਾ ਗਿਆ ਹੈ ਭਾਵੇਂ ਕਿ ਅਗਨੀਪਥ ਵਿਰੁਧ ਹਿੰਦਸ ਅੰਦੋਲਨ ਕਰ ਰਹੇ ਨੌਜਵਾਨਾਂ ਦੀ ਕੋਈ ਜਥੇਬੰਦੀ ਨਹੀਂ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਵੀ ਚੋਕਸ ਹੋ ਗਈ ਹੈ ਅਤੇ ਸਾਰੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੇ ਹੋਰ ਜਨਤਕ ਥਾਵਾਂ ’ਤੇ ਸੁਰੱਖਿਆ ਵਧਾ ਦਿਤੀ ਗਈ ਹੈ ਤਾਂ ਜੋ ਕੋਈ ਤੋੜ ਭੰਨ ਨਾ ਹੋਵੇ। ਏਡੀਜੀਪੀ ਅਮਨ ਕਾਨੂੰਨ ਨੇ ਸੂਬੇ ’ਚ ਹਾਈ ਅਲਰਟ ਵੀ ਜਾਰੀ ਕੀਤਾ ਹੈ।