
ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਖ਼ਿਤਾਬ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ
ਬੇਂਗਲੁਰੂ: ਇੰਟਰਕਾਂਟੀਨੈਂਟਲ ਕੱਪ ’ਚ ਮਿਲੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਫੁਟਬਾਲ ਟੀਮ ਸੈਫ਼ ਚੈਂਪੀਅਨਸ਼ਿਪ 2023 ’ਚ ਪ੍ਰਮੁੱਖ ਦਾਅਵੇਦਾਰ ਦੇ ਰੂਪ ’ਚ ਉਤਰੇਗੀ। ਭਾਰਤ ਦਾ ਸਾਹਮਣਾ ਬੁਧਵਾਰ ਨੂੰ ਸ਼ਾਮ 7:30 ਵਜੇ ਸ੍ਰੀ ਕਾਂਤੀਰਾਮਾ ਸਟੇਡੀਅਮ ’ਤੇ ਪਹਿਲੇ ਮੈਚ ’ਚ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਨਿਰਧਾਰਤ ਸਮੇਂ ’ਤੇ ਹੋਣ ਦੀ ਉਮੀਦ ਹੈ ਕਿਉਂਕਿ ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ ਦਾ ਵੀਜ਼ਾ ਮਿਲ ਗਿਆ ਹੈ।
ਪਾਕਿਸਤਾਨ ਦੀ ਟੀਮ ਭਾਰਤ ਲਈ ਵੱਡੀ ਚੁਨੌਤੀ ਨਹੀਂ ਹੈ ਪਰ ਭਾਰਤ ਦਾ ਟੀਚਾ ਵੱਡੀ ਜਿੱਤ ਨਾਲ ਆਗਾਜ਼ ਕਰ ਕੇ ਦੂਜੀਆਂ ਟੀਮਾਂ ਲਈ ਖ਼ਤਰੇ ਦੀ ਘੰਟੀ ਵਜਾਉਣਾ ਹੈ। ਅੱਠ ਵਾਰੀ ਦੇ ਚੈਂਪੀਅਨ ਭਾਰਤ ਨੂੰ ਗਰੁੱਪ ਏ ’ਚ ਨੇਪਾਲ, ਕੁਵੈਤ ਅਤੇ ਪਾਕਿਸਤਾਨ ਨਾਲ ਰਖਿਆ ਗਿਆ ਹੈ। ਬਾਕੀ ਟੀਮਾਂ ’ਚ ਲੇਬਨਾਨ, ਮਾਲਦੀਵ, ਭੂਟਾਨ ਅਤੇ ਬੰਗਲਾਦੇਸ਼ ਗਰੁੱਪ ਬੀ ’ਚ ਹਨ।
ਇਹ ਵੀ ਪੜ੍ਹੋ: ਭਾਰਤ ਤੋਂ ਮਹਿਲਾਵਾਂ ਦੀ ਵਿਦੇਸ਼ ਵਿਚ ਤਸਕਰੀ ਦਾ ਪਰਦਾਫਾਸ਼, ਹੁਣ ਤੱਕ 23 ਮਹਿਲਾਵਾਂ ਨੂੰ ਕੀਤਾ ਗਿਆ ਰੈਸਕਿਊ
ਭਾਰਤ ਨੇ ਐਤਵਾਰ ਨੂੰ ਭੁਵਨੇਸ਼ਵਰ ’ਚ ਲੇਬਨਾਨ ਨੂੰ 2-0 ਨਾਲ ਹਰਾ ਕੇ ਇੰਟਰਕਾਂਟੀਨੈਂਟਲ ਕੱਪ ਜਿਤਿਆ ਸੀ। ਇਹ 46 ਸਾਲਾਂ ’ਚ ਲੇਬਨਾਨ ’ਤੇ ਭਾਰਤ ਦੀ ਪਹਿਲੀ ਜਿੱਤ ਸੀ ਅਤੇ ਭਾਰਤ ਲਈ ਕਰਿਸ਼ਮਾਈ ਕਪਤਾਨ ਸੁਨੀਲ ਛੇਤਰੀ ਨੇ ਗੋਲ ਦਾਗਿਆ ਸੀ। ਉਨ੍ਹਾਂ ਤੋਂ ਸੈਫ਼ ਚੈਂਪੀਅਨਸ਼ਿਪ ’ਚ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਛੇਤਰੀ 137 ਮੈਚਾਂ ’ਚ 87 ਗੋਲ ਕਰ ਚੁਕੇ ਹਨ ਅਤੇ ਦੋ ਗੋਲ ਹੋਰ ਕਰਨ ’ਤੇ ਉਹ ਮਲੇਸ਼ੀਆ ਦੇ ਮੁਖਤਾਰ ਦਹਾਰੀ ਨੂੰ ਪਛਾੜ ਕੇ ਸਭ ਤੋਂ ਵੱਧ ਗੋਲ ਕਰਨ ਵਾਲੇ ਦੂਜੇ ਏਸ਼ੀਆਈ ਫੁਟਬਾਲਰ ਬਣ ਜਾਣਗੇ। ਭਾਰਤ ਇਸ ਮੁਕਾਬਲੇ ’ਚ ਪਿਛਲੇ ਜੇਤੂ ਹੈ ਜਿਸ ਨੇ 1993, 1997, 1999, 2005, 2009, 2011, 2015 ਅਤੇ 2021 ’ਚ ਖਿਤਾਬ ਜਿੱਤੇ। ਮਾਲਦੀਵ ਨੇ 2008 ਅਤੇ 2018 ’ਚ ਅਤੇ ਬੰਗਲਾਦੇਸ਼ ਨੇ 2003 ’ਚ ਖਿਤਾਬ ਜਿਤਿਆ ਸੀ।