
BCCI ਸਾਲਾਨਾ ਕਾਨਟਰੈਕਟ ਲਈ ਦਿੰਦਾ ਹੈ 7 ਕਰੋੜ ਰੁਪਏ
ਨਵੀਂ ਦਿੱਲੀ : ਭਾਰਤ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਦੀ ਸੰਪਤੀ 1000 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਇੰਸਟਾਗ੍ਰਾਮ 'ਤੇ 252 ਮਿਲੀਅਨ ਫਾਲੋਅਰਜ਼ ਵਾਲੇ ਕੋਹਲੀ ਦੀ ਸੰਪਤੀ ਨੂੰ ਲੈ ਕੇ ਸਟਾਕ ਗ੍ਰੋ ਨੇ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਦੀ ਰਿਪੋਰਟ ਮੁਤਾਬਕ ਸਾਬਕਾ ਭਾਰਤੀ ਕਪਤਾਨ ਦੀ ਕੁੱਲ ਜਾਇਦਾਦ 1050 ਕਰੋੜ ਰੁਪਏ ਹੋ ਗਈ ਹੈ। ਇਹ ਦੁਨੀਆਂ ਦੇ ਸਾਰੇ ਕ੍ਰਿਕਟ ਖਿਡਾਰੀਆਂ ਵਿਚੋਂ ਸਭ ਤੋਂ ਵੱਧ ਹੈ।
34 ਸਾਲਾ ਵਿਰਾਟ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 'ਏ ਪਲੱਸ' (A+) ਸ਼੍ਰੇਣੀ 'ਚ ਰੱਖਿਆ ਹੈ। ਉਸ ਨੂੰ ਬੋਰਡ ਤੋਂ ਇਕਰਾਰਨਾਮੇ ਤਹਿਤ ਸਾਲਾਨਾ ਸੱਤ ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਬੀ.ਸੀ.ਸੀ.ਆਈ. ਉਸ ਨੂੰ ਟੈਸਟ ਖੇਡਣ ਲਈ 15 ਲੱਖ ਰੁਪਏ, ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਮੈਚ ਖੇਡਣ ਲਈ 3 ਲੱਖ ਰੁਪਏ ਦਿੰਦਾ ਹੈ।
ਭਾਰਤੀ ਟੀਮ ਤੋਂ ਇਲਾਵਾ ਕੋਹਲੀ ਆਈਪੀਐਲ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਲਈ ਖੇਡਦਾ ਹੈ। RCB ਵਿਰਾਟ ਕੋਹਲੀ ਨੂੰ ਇੱਕ ਸੀਜ਼ਨ ਲਈ 15 ਕਰੋੜ ਰੁਪਏ ਦਿੰਦਾ ਹੈ। ਖੇਡਾਂ ਤੋਂ ਇਲਾਵਾ ਕੋਹਲੀ ਕਈ ਬ੍ਰਾਂਡਾਂ ਦੇ ਮਾਲਕ ਹਨ। ਉਸ ਨੇ ਸੱਤ ਸਟਾਰਟ-ਅੱਪਸ ਵਿਚ ਨਿਵੇਸ਼ ਕੀਤਾ ਹੈ, ਜਿਸ ਵਿਚ ਬਲੂ ਟ੍ਰਾਇਬ, ਯੂਨੀਵਰਸਲ ਸਪੋਰਟਸਬਿਜ਼, ਐਮ.ਪੀ.ਐਲ. ਅਤੇ ਸਪੋਰਟਸ ਕਾਨਵੋ ਸ਼ਾਮਲ ਹਨ।
ਕੋਹਲੀ ਇਸ਼ਤਿਹਾਰ ਦੇਣ ਵਾਲਿਆਂ ਦਾ ਪਸੰਦੀਦਾ ਹੈ। ਉਹ 18 ਤੋਂ ਵੱਧ ਬ੍ਰਾਂਡਾਂ ਦਾ ਸਮਰਥਨ ਕਰਦਾ ਹੈ। ਵਿਰਾਟ ਹਰ ਐਡ ਸ਼ੂਟ ਲਈ 7.50 ਤੋਂ 10 ਕਰੋੜ ਰੁਪਏ ਸਾਲਾਨਾ ਚਾਰਜ ਕਰਦੇ ਹਨ। ਇਸ ਮਾਮਲੇ 'ਚ ਉਹ ਬਾਲੀਵੁੱਡ ਅਤੇ ਖੇਡਾਂ 'ਚ ਸਭ ਤੋਂ ਅੱਗੇ ਹੈ। ਉਹ ਅਜਿਹੇ ਬ੍ਰਾਂਡ ਐਡੋਰਸਮੈਂਟਾਂ ਤੋਂ ਲਗਭਗ 175 ਕਰੋੜ ਰੁਪਏ ਕਮਾਉਂਦਾ ਹੈ। ਇਸ ਤੋਂ ਇਲਾਵਾ ਵਿਰਾਟ ਫੁੱਟਬਾਲ, ਟੈਨਿਸ ਅਤੇ ਕੁਸ਼ਤੀ ਦੀਆਂ ਟੀਮਾਂ ਦੇ ਵੀ ਮਾਲਕ ਹਨ।
ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਕੋਹਲੀ ਇੰਸਟਾਗ੍ਰਾਮ 'ਤੇ ਇਕ ਪੋਸਟ ਲਈ 8.9 ਕਰੋੜ ਰੁਪਏ ਲੈਂਦੇ ਹਨ। ਇਸ ਦੇ ਨਾਲ ਹੀ ਟਵਿਟਰ 'ਤੇ ਉਹ ਪ੍ਰਤੀ ਪੋਸਟ 2.5 ਕਰੋੜ ਰੁਪਏ ਵਸੂਲਦੇ ਹਨ। ਵਿਰਾਟ ਦੇ ਦੋ ਘਰ ਹਨ। ਮੁੰਬਈ ਵਿਚ ਘਰ ਦੀ ਕੀਮਤ 34 ਕਰੋੜ ਰੁਪਏ ਹੈ ਅਤੇ ਗੁਰੂਗ੍ਰਾਮ ਵਿਚ ਘਰ ਦੀ ਕੀਮਤ 80 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਹ ਕਾਰਾਂ ਦਾ ਵੀ ਸ਼ੌਕੀਨ ਹੈ। ਵਿਰਾਟ 31 ਕਰੋੜ ਰੁਪਏ ਦੀਆਂ ਲਗਜ਼ਰੀ ਕਾਰਾਂ ਦੇ ਮਾਲਕ ਵੀ ਹਨ।