
ਵਾਰਨਰ ਅਤੇ ਮਾਰਸ਼ ਦੇ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਪਾਕਿਸਤਾਨ ਨੂੰ ਦਿਤਾ ਸੀ 368 ਦੌੜਾਂ ਦਾ ਟੀਚਾ
ਬੈਂਗਲੁਰੂ: ਆਸਟ੍ਰੇਲੀਆ ਨੇ ਸ਼ੁਕਰਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਅਪਣੇ ਚੌਥੇ ਮੈਚ ’ਚ ਪਾਕਿਸਤਾਨ ਨੂੰ 62 ਦੌੜਾਂ ਨਾਲ ਹਰਾ ਦਿਤਾ। ਆਸਟ੍ਰੇਲੀਆ ਨੇ ਨੌਂ ਵਿਕਟਾਂ ’ਤੇ 367 ਦੌੜਾਂ ਬਣਾਉਣ ਤੋਂ ਬਾਅਦ ਪਾਕਿਸਤਾਨ ਦੀ ਪਾਰੀ ਨੂੰ 45.3 ਓਵਰਾਂ ’ਚ 305 ਦੌੜਾਂ ’ਤੇ ਸਮੇਟ ਦਿਤਾ। ਵਿਸ਼ਾਲ ਸਕੋਰ ਦਾ ਪਿੱਛਾ ਕਰਦਿਆਂ ਪਾਕਿਸਤਾਨ ਲਈ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਨੇ 70 ਦੌੜਾਂ ਬਣਾਈਆਂ ਜਦਕਿ ਅਬਦੁੱਲਾ ਸ਼ਫੀਕ ਨੇ 64 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਐਡਮ ਜ਼ੈਂਪਾ ਨੇ ਚਾਰ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (163) ਅਤੇ ਮਿਸ਼ੇਲ ਮਾਰਸ਼ (121) ਦੀਆਂ ਸੈਂਕੜੇ ਵਾਲੀਆਂ ਪਾਰੀਆਂ ਅਤੇ ਵਿਚਾਲੇ ਪਹਿਲੇ ਵਿਕਟ ਲਈ 203 ਗੇਂਦਾਂ ’ਤੇ 259 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ ਆਸਟ੍ਰੇਲੀਆ ਨੇ ਪਾਕਿਸਤਾਨ ਵਿਰੁਧ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੌਂ ਵਿਕਟਾਂ ’ਤੇ 367 ਦੌੜਾਂ ਦਾ ਵੱਡਾ ਸਕੋਰ ਬਣਾਇਆ। ‘ਪਲੇਅਰ ਆਫ਼ ਦ ਮੈਚ’ ਜੇਤੂ ਵਾਰਨਰ ਨੇ 124 ਗੇਂਦਾਂ ਦੀ ਆਪਣੀ ਪਾਰੀ ’ਚ 14 ਚੌਕੇ ਅਤੇ 9 ਛੱਕੇ ਲਗਾ ਕੇ ਪਾਕਿਸਤਾਨ ਵਿਰੁਧ ਲਗਾਤਾਰ ਚੌਥਾ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਕਿਸੇ ਟੀਮ ਵਿਰੁਧ ਲਗਾਤਾਰ ਸੈਂਕੜੇ ਬਣਾਉਣ ਦੇ ਵਿਰਾਟ ਕੋਹਲੀ ਦੇ ਰੀਕਾਰਡ ਦੀ ਵੀ ਬਾਰਾਬਰੀ ਕਰ ਲਈ। ਮਾਰਸ਼ ਨੇ ਅਪਣੇ ਦੂਜੇ ਸੈਂਕੜੇ ਦੌਰਾਨ 10 ਚੌਕੇ ਅਤੇ 9 ਛੱਕੇ ਜੜੇ। ਵਿਸ਼ਵ ਕੱਪ ਦੇ ਇਤਿਹਾਸ ’ਚ ਇਹ ਸਿਰਫ਼ ਚੌਥੀ ਵਾਰ ਹੈ ਜਦੋਂ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਇੱਕੋ ਮੈਚ ’ਚ ਸੈਂਕੜੇ ਬਣਾਏ ਹਨ। ਵਾਰਨਰ ਦੇ ਵਨਡੇ ਕਰੀਅਰ ਦਾ ਇਹ 21ਵਾਂ ਸੈਂਕੜਾ ਹੈ।
ਇਕ ਸਮੇਂ ਆਸਟਰੇਲੀਆ ਦੀ ਟੀਮ 400 ਦੇ ਸਕੋਰ ਵੱਲ ਵਧ ਰਹੀ ਸੀ ਪਰ ਸ਼ਾਹੀਨ ਸ਼ਾਹ ਅਫਰੀਦੀ ਦੀ ਅਗਵਾਈ ’ਚ ਆਖਰੀ 10 ਓਵਰਾਂ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ (10 ਓਵਰਾਂ ’ਚ 54 ਦੌੜਾਂ ਦੇ ਕੇ ਪੰਜ ਵਿਕਟਾਂ) ਦੀ ਬਦੌਲਤ ਆਸਟ੍ਰੇਲੀਆ ਨੂੰ 370 ਦੌੜਾਂ ਅੰਦਰ ਹੀ ਸੀਮਤ ਕਰ ਦਿਤਾ। ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਸ਼ੁਰੂਆਤੀ ਓਵਰਾਂ ’ਚ ਖਰਾਬ ਗੇਂਦਬਾਜ਼ੀ ਕੀਤੀ, ਜਿਸ ’ਤੇ ਵਾਰਨਰ ਅਤੇ ਮਾਰਸ਼ ਨੂੰ ਦੌੜਾਂ ਬਣਾਉਣ ’ਚ ਕੋਈ ਦਿੱਕਤ ਨਹੀਂ ਆਈ। ਜੇਕਰ ਉਸਮਾਨ ਮੀਰ ਪਾਰੀ ਦੀ ਸ਼ੁਰੂਆਤ ’ਚ ਹੀ ਸ਼ਾਹੀਨ ਦੀ ਗੇਂਦ ’ਤੇ ਵਾਰਨਰ ਦਾ ਕੈਚ ਨਾ ਛਡਦੇ ਤਾਂ ਪਾਕਿਸਤਾਨ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ। ਇਸ ਸਮੇਂ ਵਾਰਨਰ 10 ਦੌੜਾਂ ’ਤੇ ਸਨ ਜਦਕਿ ਆਸਟ੍ਰੇਲੀਆ ਦਾ ਸਕੋਰ 22 ਦੌੜਾਂ ਸੀ। ਇਸ ਤੋਂ ਬਾਅਦ ਵਾਰਨਰ ਨੇ ਨਿਡਰ ਹੋ ਕੇ ਬੱਲੇਬਾਜ਼ੀ ਕੀਤੀ ਅਤੇ ਅਪਣੀ ਦਾ ਸਕੋਰ 259 ਦੌੜਾਂ ਤਕ ਪਹੁੰਚਾ ਕੇ ਹੀ ਆਊਟ ਹੋਏ। ਵਾਰਨਰ ਤੋਂ ਬਾਅਦ ਦੇ ਬੱਲੇਬਾਜ਼ ਕੁਝ ਖ਼ਾਸ ਨਾ ਕਰ ਸਕੇ ਅਤੇ ਟੀਮ 50 ਓਵਰਾਂ ’ਚ 367 ਦੌੜਾਂ ਬਣਾ ਸਕੀ।