
ਕ੍ਰਿਕਟ ਮੈਚਾਂ ਦੀ ਸੀਰੀਜ਼ ਖੇਡਣ ਵਾਸਤੇ ਭਾਰਤੀ ਟੀਮ ਔਕਲੈਂਡ ਪਹੁੰਚ ਗਈ ਹੈ.........
ਆਕਲੈਂਡ : ਕ੍ਰਿਕਟ ਮੈਚਾਂ ਦੀ ਸੀਰੀਜ਼ ਖੇਡਣ ਵਾਸਤੇ ਭਾਰਤੀ ਟੀਮ ਔਕਲੈਂਡ ਪਹੁੰਚ ਗਈ ਹੈ। ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਹਾਜ਼ਰ ਸੀ। ਔਕਲੈਂਡ ਹਵਾਈ ਅੱਡੇ ਉਤੇ ਬਹੁਤ ਸਾਰੇ ਕ੍ਰਿਕਟ ਪ੍ਰੇਮੀਆਂ ਨੂੰ ਇਨ੍ਹਾਂ ਖਿਡਾਰੀਆਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਸ਼ੋਸ਼ਲ ਮੀਡੀਆ ਉਤੇ ਪਾਈਆਂ। ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਦੇ ਇਥੇ ਵੱਖ-ਵੱਖ ਸ਼ਹਿਰਾਂ ਦੇ ਵਿਚ ਹੋ ਰਹੇ ਪੰਜ ਇਕ ਦਿਨਾ ਅਤੇ ਤਿੰਨ ਟੀ-20 ਮੈਚ ਖੇਡਣ ਵਾਸਤੇ ਪਹੁੰਚ ਰਹੀ ਹੈ।
ਨੇਪੀਅਰ ਤੋਂ ਇਸ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਬੁੱਧਵਾਰ ਤੋਂ ਹੋ ਰਹੀ ਹੈ। ਪੁਰਸ਼ਾਂ ਦੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਰਹਿਣਗੇ ਜਦ ਕਿ ਕੁੜੀਆਂ ਦੇ ਟੀ-20 ਮੈਚ ਦੀ ਕੈਪਟਨ ਪੰਜਾਬੀ ਕੁੜੀ ਹਰਮਨਪ੍ਰੀਤ ਕੌਰ ਭੁੱਲਰ (ਆਲ ਰਾਉਂਡਰ ਅਤੇ ਅਰਜਨ ਐਵਾਰਡ ਜੇਤੂ) ਰਹੇਗੀ ਜਦ ਕਿ ਵੱਨ ਡੇਅ ਮੈਚ ਦੀ ਕੈਪਟਨ ਮਿਥਾਲੀ ਰਾਜ ਹੋਵੇਗੀ। ਇਨ੍ਹਾਂ ਮੈਚਾਂ ਦੀਆਂ ਬਹੁਤੀਆਂ ਟਿਕਟਾਂ ਵਿਕ ਚੁੱਕੀਆਂ ਹਨ।
ਬਲੈਕ ਕੈਪਸ ਨਿਊਜ਼ੀਲੈਂਡ ਟੀਮ ਦੇ ਨਾਲ ਪਹਿਲਾ ਇਕ ਦਿਨਾ ਮੈਚ 23 ਜਨਵਰੀ ਨੂੰ ਮੈਕਲੀਨ ਪਾਰਕ ਨੇਪੀਅਰ, ਦੂਜਾ 26 ਜਨਵਰੀ ਨੂੰ ਬੇਅ ਓਵਲ ਟੌਰੰਗਾ, ਤੀਜਾ 28 ਜਨਵਰੀ ਨੂੰ ਫਿਰ ਬੇਅ ਓਵਲ ਟੌਰੰਗਾ, ਚੌਥਾ 31 ਜਨਵਰੀ ਨੂੰ ਸੀਡਨ ਪਾਰਕ ਹਮਿਲਟਨ ਅਤੇ ਪੰਜਵਾਂ 3 ਫਰਵਰੀ ਨੂੰ ਵੈਸਟਪੈਕ ਸਟੇਡੀਅਮ ਵਲਿੰਗਟਨ ਵਿਖੇ ਹੋਵੇਗਾ। ਇਨ੍ਹਾਂ ਮੈਚਾਂ ਦਾ ਸਮਾਂ ਸ਼ਾਮ 3 ਵਜੇ ਹੋਵੇਗਾ ਅਤੇ ਜਦ ਕਿ ਭਾਰਤ ਦਾ ਸਮਾਂ ਉਸ ਵੇਲੇ ਸਵੇਰੇ 7.30 ਦਾ ਹੋਵੇਗਾ।
ਟੀ-20 ਦਾ ਪਹਿਲਾ ਮੈਚ 6 ਫਰਵਰੀ ਨੂੰ ਵੈਸਟਪੈਕ ਸਟੇਡੀਅਮ ਵਲਿੰਗਟਨ ਵਿਖੇ ਸ਼ਾਮ 8 ਵਜੇ (ਨਿਊਜ਼ੀਲੈਂਡ ਸਮਾਂ) ਦੂਜਾ ਮੈਚ 8 ਫਰਵਰੀ ਨੂੰ ਈਡਨ ਪਾਰਕ ਔਕਲੈਂਡ ਸ਼ਾਮ 7 ਵਜੇ ਅਤੇ ਤੀਜਾ ਸੀਡਨ ਪਾਰਕ ਹਮਿਲਟਨ ਵਿਖੇ ਸ਼ਾਮ 8 ਵਜੇ ਹੋਵੇਗਾ। ਵਾਈਟਫਰਨ ਨਿਊਜ਼ੀਲੈਂਡ ਦੇ ਨਾਲ ਇਸੀ ਤਰ੍ਹਾਂ ਭਾਰਤੀ ਕੁੜੀਆਂ ਦਾ ਪਹਿਲਾ ਇਕ ਦਿਨਾ ਮੈਚ 24 ਜਨਵਰੀ ਨੂੰ ਮੈਕਲੀਨ ਪਾਰਕ ਨੇਪੀਅਰ, ਦੂਜਾ ਬੇਅ ਓਵਲ ਟੌਰੰਗਾ
ਅਤੇ ਤੀਜਾ ਸੀਡਨ ਪਾਰਕ ਹਮਿਲਟਨ ਵਿਖੇ ਹੋਵੇਗਾ। ਸਮਾਂ ਰਹੇਗਾ 2 ਵਜੇ ਨਿਊਜ਼ੀਲੈਂਡ ਅਨੁਸਾਰ ਅਤੇ 6.30 ਸਵੇਰੇ ਭਾਰਤੀ ਸਮੇਂ ਅਨੁਸਾਰ। ਟੀ-20 ਮਹਿਲਾਵਾਂ ਦੇ ਮੈਚਾਂ ਦੇ ਵਿਚ ਪਹਿਲਾ ਮੈਚ 6 ਫਰਵਰੀ ਨੂੰ ਵੈਸਟ ਪੈਕ ਵਲਿੰਗਟਨ ਵਿਖੇ ਸ਼ਾਮ 4 ਵਜੇ, ਦੂਜਾ 8 ਫਰਵਰੀ ਨੂੰ ਈਡਨ ਪਾਰਕ ਔਕਲੈਂਡ ਸ਼ਾਮ 3 ਵਜੇ ਅਤੇ ਤੀਜਾ ਸੀਡਨ ਪਾਰਕ ਹਮਿਲਟਨ ਵਿਖੇ ਸ਼ਾਮ 4 ਵਜੇ ਰਹੇਗਾ।