
ਸ਼ੇਨ ਵਾਟਸਨ ਨੇ ਸ਼ੁਰੂ ਵਿਚ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਅਪਣੇ ਟੀ-20 ਕਰੀਅਰ ਦਾ ਚੌਥਾ ਸੈਂਕੜਾ ਲਾਇਆ
ਪੁਣੇ : ਸ਼ੇਨ ਵਾਟਸਨ ਨੇ ਸ਼ੁਰੂ ਵਿਚ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਅਪਣੇ ਟੀ-20 ਕਰੀਅਰ ਦਾ ਚੌਥਾ ਸੈਂਕੜਾ ਲਾਇਆ, ਜਿਸ ਨਾਲ ਚੇਨਈ ਸੁਪਰ ਕਿੰਗਜ਼ ਨੇ ਆਈ. ਪੀ. ਐੱਲ. ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ 64 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਫਿਰ ਤੋਂ ਜਿੱਤ ਦਾ ਰਸਤਾ ਫੜ ਲਿਆ।
Shane Watson
ਸਲਾਮੀ ਬੱਲੇਬਾਜ਼ ਵਾਟਸਨ ਨੇ 57 ਗੇਂਦਾਂ 'ਤੇ 106 ਦੌੜਾਂ ਬਣਾਈਆ, ਜਿਸ ਵਿਚ 9 ਚੌਕੇ ਤੇ 6 ਛਿੱਕੇ ਸ਼ਾਮਲ ਹਨ। ਉਸ ਨੇ ਸੁਰੇਸ਼ ਰੈਨਾ (29 ਗੇਂਦਾਂ 'ਤੇ 9 ਚੌਕਿਆਂ ਦੀ ਮਦਦ ਨਾਲ 46 ਦੌੜਾਂ) ਨਾਲ ਦੂਜੀ ਵਿਕਟ ਲਈ 81 ਦੌੜਾਂ ਤੇ ਡਰੇਨ ਬ੍ਰਾਵੋ (ਅਜੇਤੂ 24) ਨਾਲ ਪੰਜਵੀਂ ਵਿਕਟ ਲਈ 41 ਦੌੜਾਂ ਜੋੜੀਆਂ, ਜਿਸ ਨਾਲ ਅਪਣੇ ਨਵੇਂ ਘਰੇਲੂ ਮੈਦਾਨ 'ਤੇ ਖੇਡ ਰਹੇ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ 5 ਵਿਕਟਾਂ 'ਤੇ 204 ਦੌੜਾਂ ਬਣਾਈਆਂ।
Chennai super kings
ਇਸ ਦੇ ਜਵਾਬ ਵਿਚ ਰਾਇਲਜ਼ ਦੀ ਟੀਮ 18.3 ਓਵਰਾਂ ਵਿਚ 140 ਦੌੜਾਂ 'ਤੇ ਸਿਮਟ ਗਈ। ਉਸ ਵਲੋਂ ਬੇਨ ਸਟੋਕਸ ਨੇ ਸੱਭ ਤੋਂ ਵਧ 45 ਦੌੜਾਂ ਬਣਾਈਆਂ। ਚੇਨਈ ਦੀ ਇਹ ਚਾਰ ਮੈਚਾਂ ਵਿਚ ਤੀਜੀ ਜਿੱਤ ਹੈ, ਜਦਕਿ ਰਾਇਲਜ਼ ਦੀ 5 ਮੈਚਾਂ ਵਿਚ ਤੀਜੀ ਹਾਰ ਹੈ। ਇਸ ਤੋਂ ਪਹਿਲਾਂ ਚੇਨਈ ਨੇ ਪਹਿਲੇ 13 ਓਵਰਾਂ ਵਿਚ ਲਗਭਗ 11.50 ਦੀ ਰਨ ਰੇਟ ਨਾਲ ਦੌੜਾਂ ਬਣਾ ਕੇ ਸਕੋਰ 150 ਦੌੜਾਂ ਤਕ ਪਹੁੰਚਾ ਦਿਤਾ ਸੀ ਪਰ ਆਖਰੀ ਸੱਤ ਓਵਰਾਂ ਵਿਚ ਉਸ ਨੇ ਸਿਰਫ਼ 7.71 ਦੀ ਰਨ ਰੇਟ ਨਾਲ 54 ਦੌੜਾਂ ਹੀ ਬਣਾਈਆਂ।