
ਭਰਾ ਨੇ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਕੀਤੀ ਅਪੀਲ
Former Cricketer Vinod Kambli is Still not Fully Healthy Latest News in Punjabi ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਅਜੇ ਵੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੈ। ਉਨ੍ਹਾਂ ਦੇ ਛੋਟੇ ਭਰਾ ਵਰਿੰਦਰ ਕਾਂਬਲੀ ਨੇ ਇਹ ਅਪਡੇਟ ਦਿਤਾ ਹੈ। ਦੱਸ ਦਈਏ ਕਿ ਵਿਨੋਦ ਕਾਂਬਲੀ ਕੁੱਝ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ। ਉਨ੍ਹਾਂ ਦੇ ਭਰਾ ਨੇ ਲੋਕਾਂ ਨੂੰ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ।
ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਕੁੱਝ ਸਮੇਂ ਤੋਂ ਅਪਣੀ ਸਿਹਤ ਨੂੰ ਲੈ ਕੇ ਸੁਰਖੀਆਂ ਵਿਚ ਹਨ। 53 ਸਾਲਾ ਕਾਂਬਲੀ ਨੂੰ ਅਕਤੂਬਰ ਵਿਚ ਪਿਸ਼ਾਬ ਦੀ ਲਾਗ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ, ਉਹ ਠੀਕ ਹੋਣ ਤੋਂ ਬਾਅਦ ਘਰ ਵਾਪਸ ਆ ਗਏ ਸਨ ਪਰ ਦਸੰਬਰ ਵਿਚ ਸਮੱਸਿਆ ਦੁਬਾਰਾ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਲਿਜਾਣਾ ਪਿਆ। ਐਮ.ਆਰ.ਆਈ. ਵਿਚ ਉਨ੍ਹਾਂ ਦੇ ਦਿਮਾਗ ਵਿਚ ਖ਼ੂਨ ਦਾ ਥੱਕਾ (ਬਲੱਡ ਕਲਾਟ) ਵੀ ਪਾਇਆ ਗਿਆ, ਪਰ ਉਹ ਠੀਕ ਹੋ ਗਏ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਨੂੰ ਛੁੱਟੀ ਦੇ ਦਿਤੀ ਗਈ।
ਹੁਣ, ਨੌਂ ਮਹੀਨਿਆਂ ਬਾਅਦ, ਕਾਂਬਲੀ ਦੀ ਸਿਹਤ ਵਿਚ ਸੁਧਾਰ ਹੋਇਆ ਹੈ, ਪਰ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਉਨ੍ਹਾਂ ਦੇ ਛੋਟੇ ਭਰਾ ਵਰਿੰਦਰ ਕਾਂਬਲੀ ਨੇ 'ਦ ਵਿੱਕੀ ਲਾਲਵਾਨੀ ਸ਼ੋਅ' 'ਤੇ ਉਨ੍ਹਾਂ ਸਿਹਤ ਬਾਰੇ ਤਾਜ਼ਾ ਅਪਡੇਟ ਦਿੰਦੇ ਹੋਏ ਦਸਿਆ ਕਿ ਵਿਨੋਦ ਕਾਂਬਲੀ ਨੂੰ ਅਜੇ ਵੀ ਬੋਲਣ ਵਿਚ ਮੁਸ਼ਕਲ ਆਉਂਦੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ।
ਵੀਰੇਂਦਰ ਨੇ ਦੱਸਿਆ ਕਿ ਉਹ ਇਸ ਸਮੇਂ ਘਰ ਵਿਚ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ ਪਰ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਬੋਲਣ ਤੇ ਤੁਰਨ ਵਿਚ ਮੁਸ਼ਕਲ ਆ ਰਹੀ ਹੈ। ਠੀਕ ਹੋਣ ਵਿਚ ਸਮਾਂ ਲੱਗੇਗਾ ਪਰ ਉਹ ਇਕ ਚੈਂਪੀਅਨ ਹੈ ਅਤੇ ਉਹ ਜਲਦੀ ਠੀਕ ਹੋ ਜਾਵੇਗਾ। ਉਮੀਦ ਹੈ ਕਿ ਉਹ ਜਲਦੀ ਤੁਰਨਾ ਵੀ ਸ਼ੁਰੂ ਕਰ ਦੇਵੇਗਾ। ਮੈਨੂੰ ਉਸ ਵਿਚ ਬਹੁਤ ਵਿਸ਼ਵਾਸ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਉਸ ਨੂੰ ਦੁਬਾਰਾ ਮੈਦਾਨ ਵਿਚ ਦੇਖ ਸਕੋਗੇ।
ਵੀਰੇਂਦਰ ਨੇ ਅੱਗੇ ਕਿਹਾ, ਕਾਂਬਲੀ ਨੇ 10 ਦਿਨਾਂ ਲਈ ਰੀਹੈਬ ਕੀਤਾ। ਉਸ ਦੇ ਪੂਰੇ ਸਰੀਰ ਦਾ ਚੈੱਕਅਪ ਹੋਇਆ, ਜਿਸ ਵਿਚ ਦਿਮਾਗ਼ ਦਾ ਸਕੈਨ ਅਤੇ ਪਿਸ਼ਾਬ ਟੈਸਟ ਵੀ ਸ਼ਾਮਲ ਸੀ। ਨਤੀਜੇ ਠੀਕ ਰਹੇ, ਕੋਈ ਵੱਡੀ ਸਮੱਸਿਆ ਨਹੀਂ ਸੀ ਪਰ ਕਿਉਂਕਿ ਉਹ ਤੁਰਨ ਵਿਚ ਅਸਮਰੱਥ ਸੀ, ਇਸ ਲਈ ਉਸ ਨੂੰ ਫ਼ਿਜ਼ੀਉਥੈਰੇਪੀ ਦੀ ਸਲਾਹ ਦਿਤੀ ਗਈ ਹੈ। ਉਸ ਦੀ ਜੀਭ ਅਜੇ ਵੀ ਲੜਖੜਾ ਰਹੀ ਹੈ ਪਰ ਉਹ ਠੀਕ ਹੋ ਰਿਹਾ ਹੈ। ਮੈਂ ਸਿਰਫ਼ ਲੋਕਾਂ ਨੂੰ ਉਸ ਦੇ ਲਈ ਪ੍ਰਾਰਥਨਾ ਕਰਨ ਲਈ ਕਹਿਣਾ ਚਾਹੁੰਦਾ ਹਾਂ ਤਾਂ ਜੋ ਉਹ ਜਲਦੀ ਠੀਕ ਹੋ ਜਾਵੇ। ਉਸ ਨੂੰ ਤੁਹਾਡੇ ਪਿਆਰ ਅਤੇ ਸਮਰਥਨ ਦੀ ਲੋੜ ਹੈ।
ਵੀਰੇਂਦਰ ਨੇ ਇਹ ਵੀ ਦੱਸਿਆ ਕਿ ਵਿਨੋਦ ਵਾਂਗ ਉਹ ਵੀ ਕ੍ਰਿਕਟਰ ਬਣਨਾ ਚਾਹੁੰਦਾ ਸੀ ਪਰ ਉਸ ਦਾ ਕਰੀਅਰ ਅੱਗੇ ਨਹੀਂ ਵਧ ਸਕਿਆ।
(For more news apart from Former Cricketer Vinod Kambli is Still not Fully Healthy Latest News in Punjabi stay tuned to Rozana Spokesman.)