
ਕਲਾਸਨ ਦੇ ਧਮਾਕੇਦਾਰ ਸੈਂਕੜੇ ਤੋਂ ਬਾਅਦ ਐਨਗੀਡੀ ਅਤੇ ਜੇਨਸੇਨ ਨੇ ਗੇਂਦਬਾਜ਼ੀ ਨਾਲ ਢਾਹਿਆ ਕਹਿਰ
ਮੁੰਬਈ: ਦਖਣੀ ਅਫਰੀਕਾ ਨੇ ਕ੍ਰਿਕੇਟ ਵਿਸ਼ਵ ਕੱਪ ਦੇ ਅਪਣੇ ਚੌਥੇ ਮੈਚ ’ਚ ਇੰਗਲੈਂਡ ਨੂੰ 229 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿਤਾ। ਇੰਗਲੈਂਡ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਹਾਰ ਹੈ। ਸੱਤ ਵਿਕਟਾਂ ’ਤੇ 399 ਦੌੜਾਂ ਬਣਾਉਣ ਤੋਂ ਬਾਅਦ ਦਖਣੀ ਅਫਰੀਕਾ ਨੇ ਇੰਗਲੈਂਡ ਦੀ ਪਾਰੀ ਨੂੰ 22 ਓਵਰਾਂ ’ਚ 170 ਦੌੜਾਂ ’ਤੇ ਹੀ ਰੋਕ ਦਿੱਤਾ। ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦਾ ਕੋਈ ਬੱਲੇਬਾਜ਼ੀ ਅੱਧਾ ਸੈਂਕੜਾ ਵੀ ਨਹੀਂ ਬਣਾ ਸਕਿਆ। ਟੀਮ ਲਈ ਅੱਠਵੇਂ ਨੰਬਰ ’ਤੇ ਖੇਡਣ ਲਈ ਆਏ ਮਾਰਕ ਵੁੱਡ ਨੇ ਸਭ ਤੋਂ ਵੱਧ ਨਾਬਾਦ 43 ਦੌੜਾਂ ਬਣਾਈਆਂ। ਇੰਗਲੈਂਡ ਦੇ ਰੀਸ ਟੋਪਲੇ ਨੇ ਬੱਲੇਬਾਜ਼ੀ ਨਹੀਂ ਕੀਤੀ।
ਲੰਗੀ ਐਨਗਿਡੀ ਅਤੇ ਮਾਰਕੋ ਜੇਨਸਨ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕਰਦਿਆਂ 2-2 ਵਿਕਟਾਂ ਲਈਆਂ। ਲੰਗੀ ਨੇ ਜੌਨੀ ਬੇਅਰਸਟਾ ਨੂੰ ਸਿਰਫ਼ 10 ਦੇ ਸਕੋਰ ’ਤੇ ਆਊਟ ਕਰ ਦਿਤਾ। ਉਦੋਂ ਇੰਗਲੈਂਡ ਦਾ ਸਕੋਰ 2.3 ਓਵਰਾਂ ’ਚ 18 ਦੌੜਾਂ ਸੀ। ਇਸ ਤੋਂ ਬਾਅਦ ਜੇਨਸਨ ਨੇ ਡੇਵਿਡ ਮਲਾਨ ਅਤੇ ਜੋਅ ਰੂਟ ਨੂੰ 23 ਅਤੇ 24 ਦੇ ਸਕੋਰ ’ਤੇ ਆਊਟ ਕਰ ਕੇ ਇੰਗਲੈਂਡ ਨੂੰ ਸ਼ੁਰੂਆਤੀ ਝਟਕੇ ਦਿਤੇ ਜਿਸ ਤੋਂ ਟੀਮ ਬਾਹਰ ਨਹੀਂ ਨਿਕਲ ਸਕੀ। ਦਖਣੀ ਅਫਰੀਕਾ ਲਈ ਗੇਰਾਲਡ ਕੋਏਟਜ਼ੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ‘ਪਲੇਅਰ ਆਫ਼ ਦ ਮੈਚ ਰਹੇ’ ਹੇਨਰਿਕ ਕਲਾਸੇਨ ਦੇ ਧਮਾਕੇਦਾਰ ਸੈਂਕੜੇ ਅਤੇ ਮਾਰਕੋ ਜੈਨਸਨ ਨਾਲ ਛੇਵੇਂ ਵਿਕਟ ਲਈ 77 ਗੇਂਦਾਂ ਵਿਚ 151 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਦਖਣੀ ਅਫਰੀਕਾ ਨੇ ਇੰਗਲੈਂਡ ਵਿਰੁਧ ਸੱਤ ਵਿਕਟਾਂ ’ਤੇ 399 ਦੌੜਾਂ ਦਾ ਸਕੋਰ ਬਣਾਇਆ। ਇਹ ਵਿਸ਼ਵ ਕੱਪ 'ਚ ਇੰਗਲੈਂਡ ਵਿਰੁਧ ਦਖਣੀ ਅਫਰੀਕਾ ਦਾ ਸਭ ਤੋਂ ਵੱਡਾ ਸਕੋਰ ਹੈ।
ਕਲਾਸੇਨ ਨੇ ਅਪਣੇ ਚੌਥੇ ਸੈਂਕੜੇ ਦੌਰਾਨ ਚਾਰ ਛੱਕੇ ਅਤੇ 12 ਚੌਕੇ ਜੜੇ। ਉਸ ਨੇ 67 ਗੇਂਦਾਂ ’ਚ 109 ਦੌੜਾਂ ਬਣਾਈਆਂ। ਯਾਨਸੇਨ ਨੇ 42 ਗੇਂਦਾਂ ਦੀ ਅਪਣੀ ਨਾਬਾਦ ਪਾਰੀ ’ਚ ਤਿੰਨ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ। ਇਹ ਉਸ ਦੇ ਕਰੀਅਰ ਦਾ ਪਹਿਲਾ ਅੱਧਾ ਸੈਂਕੜਾ ਹੈ। ਇਸ ਤੋਂ ਪਹਿਲਾਂ ਰੀਜ਼ਾ ਹੈਂਡਰਿਕਸ (75 ਗੇਂਦਾਂ ’ਚ 85 ਦੌੜਾਂ) ਅਤੇ ਰਾਸੀ ਵੈਨ ਡੇਰ ਡੁਸਨ (61 ਗੇਂਦਾਂ ’ਚ 60 ਦੌੜਾਂ) ਨੇ ਦੂਜੇ ਵਿਕਟ ਲਈ 121 ਦੌੜਾਂ ਦੀ ਸਾਂਝੇਦਾਰੀ ਕਰ ਕੇ ਵੱਡੇ ਸਕੋਰ ਦੀ ਨੀਂਹ ਰੱਖੀ।
ਕਲਾਸਨ ਨੂੰ ਹੁੰਮਸ ਭਰੀ ਗਰਮੀ ’ਚ ਅਪਣੀ ਪਾਰੀ ਦੌਰਾਨ ਨਿਯਮਤ ਤੌਰ ’ਤੇ ਤਰਲ ਪਦਾਰਥਾਂ ਦਾ ਸੇਵਨ ਕਰਦੇ ਵੇਖਿਆ ਗਿਆ। ਉਹ ਮਾਸਪੇਸ਼ੀਆਂ ’ਚ ਖਿਚਾਅ ਦੀ ਸਮੱਸਿਆ ਦੇ ਬਾਵਜੂਦ ਮੈਦਾਨ ’ਤੇ ਡਟੇ ਰਹੇ। ਦੂਜੇ ਪਾਸੇ ਇੰਗਲੈਂਡ ਦੇ ਕੁਝ ਗੇਂਦਬਾਜ਼ਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਕਲਾਸੇਨ ਨੇ ਮਾਰਕ ਵੁੱਡ (ਸੱਤ ਓਵਰਾਂ ਵਿੱਚ 76 ਦੌੜਾਂ) ਵਿਰੁਧ ਇਕ ਛੱਕਾ ਅਤੇ ਇਕ ਚੌਕਾ ਲਗਾ ਕੇ ਪਾਰੀ ਦੇ 47ਵੇਂ ਓਵਰ ’ਚ 61 ਗੇਂਦਾਂ ’ਚ ਅਪਣਾ ਇਸ ਸਾਲ ਦਾ ਤੀਜਾ ਸੈਂਕੜਾ ਪੂਰਾ ਕੀਤਾ।
ਕਲਾਸੇਨ ਅਤੇ ਜੈਨਸਨ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਛੇਵੀਂ ਵਿਕਟ ਲਈ ਸਿਰਫ 77 ਗੇਂਦਾਂ ’ਤੇ 151 ਦੌੜਾਂ ਜੋੜੀਆਂ, ਜੋ ਕਿ ਹੁਣ ਵਨਡੇ ਦੇ ਨਾਲ ਹੀ ਅਤੇ ਵਿਸ਼ਵ ਕੱਪ ਇਤਿਹਾਸ ’ਚ ਇੰਗਲੈਂਡ ਵਿਰੁਧ ਦਖਣੀ ਅਫਰੀਕਾ ਲਈ ਇਕ ਰੀਕਾਰਡ ਹੈ। ਨਿਯਮਤ ਕਪਤਾਨ ਤੇਂਬਾ ਬਾਵੁਮਾ ਦੇ ਬੀਮਾਰ ਹੋਣ ਅਤੇ ਕੁਇੰਟਨ ਡੀ ਕਾਕ (ਚਾਰ) ਦੇ ਛੇਤੀ ਆਊਟ ਹੋਣ ਨਾਲ ਦਖਣੀ ਅਫਰੀਕਾ ਨੂੰ ਮਜ਼ਬੂਤ ਬੱਲੇਬਾਜ਼ੀ ਦੀ ਲੋੜ ਸੀ ਅਤੇ ਉਨ੍ਹਾਂ ਦੇ ਬੱਲੇਬਾਜ਼ਾਂ ਨੇ ਇਹ ਯਕੀਨੀ ਬਣਾਇਆ। ਦਖਣੀ ਅਫਰੀਕਾ ਨੇ ਆਖਰੀ 10 ਓਵਰਾਂ ’ਚ 143 ਦੌੜਾਂ ਬਣਾਈਆਂ, ਜਿਸ ’ਚੋਂ 46ਵੇਂ ਤੋਂ 50ਵੇਂ ਓਵਰ ਤਕ 84 ਦੌੜਾਂ ਆਈਆਂ।
ਆਦਿਲ ਰਾਸ਼ਿਦ (61 ਦੌੜਾਂ ਦੇ ਕੇ 2 ਵਿਕਟਾਂ) ਨੇ ਵਿਚਕਾਰਲੇ ਓਵਰਾਂ ’ਚ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੂੰ ਆਊਟ ਕੀਤਾ ਜਦਕਿ ਟੌਪਲੇ ਨੇ ਕਪਤਾਨ ਏਡਨ ਮਾਰਕਰਮ (42) ਅਤੇ ਅਨੁਭਵੀ ਡੇਵਿਡ ਮਿਲਰ (ਪੰਜ) ਦੀਆਂ ਵਿਕਟਾਂ ਨਾਲ ਇੰਗਲੈਂਡ ਨੂੰ ਮੈਚ ’ਚ ਵਾਪਸ ਲਿਆਉਣ ਦੀ ਕੋਸ਼ਿਸ਼ਸ ਕੀਤੀ। ਟੀਮ ਜ਼ਿਆਦਾ ਦੇਰ ਤਕ ਇਨ੍ਹਾਂ ਵਿਕਟਾਂ ਦਾ ਜਸ਼ਨ ਨਹੀਂ ਮਨਾ ਸਕੀ ਕਿਉਂਕਿ ਕਲਾਸਨ ਅਤੇ ਜੈਨਸਨ ਨੇ ਅਪਣੀ ਮਨ ਮੁਤਾਬਕ ਚੌਕੇ ਅਤੇ ਛੱਕੇ ਜੜੇ।