
ਬੱਲੇਬਾਜ਼ ਸੂਰਿਆਕੁਮਾਰ ਯਾਦਵ ਦੇ ਸੱਜੇ ਹੱਥ ’ਤੇ ਸੱਟ ਲੱਗੀ, ਮੈਚ ’ਚ ਸ਼ਾਮਲ ਹੋਣ ’ਤੇ ਸਵਾਲੀਆ ਨਿਸ਼ਾਨ
ਵਿਕੇਟਕੀਪਰ ਇਸ਼ਾਨ ਕਿਸ਼ਨ ਨੂੰ ਭਰਿੰਡ ਨੇ ਡੰਗ ਮਾਰਿਆ
ਧਰਮਸ਼ਾਲਾ: ਨਿਊਜ਼ੀਲੈਂਡ ਵਿਰੁਧ ਵਿਸ਼ਵ ਕੱਪ ਦੇ ਵੱਡੇ ਮੈਚ ਤੋਂ ਪਹਿਲਾਂ ਭਾਰਤ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਸ਼ਨਿਚਰਵਾਰ ਨੂੰ ਟੀਮ ਦੇ ਨੈੱਟ ਸੈਸ਼ਨ ਦੌਰਾਨ ਮੱਧਕ੍ਰਮ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦੇ ਸੱਜੇ ਹੱਥ ’ਤੇ ਗੇਂਦ ਲੱਗ ਗਈ। ਸੂਰਿਆਕੁਮਾਰ ਨੂੰ ਟੀਮ ਦੇ ਥ੍ਰੋਡਾਉਨ ਮਾਰਚ ਰਘੂ ਦੀ ਫੁੱਲਟਾਸ ਗੇਂਦ ਲੱਗੀ, ਜਿਸ ਕਾਰਨ ਉਹ ਕਾਫੀ ਦਰਦ ’ਚ ਨਜ਼ਰ ਆਏ। ਉਹ ਅਪਣੇ ਹੱਥ ’ਤੇ ‘ਆਈਸ ਪੈਕ’ ਲਗਾਉਂਦੇ ਦਿਸੇ ਅਤੇ ਇਸ ਤੋਂ ਬਾਅਦ ਬੱਲੇਬਾਜ਼ੀ ਨਹੀਂ ਕੀਤੀ।
ਟੀਮ ਦੇ ਸੂਤਰਾਂ ਅਨੁਸਾਰ ਸੂਰਿਆਕੁਮਾਰ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਉਸ ਨੂੰ ਐਕਸ-ਰੇ ਜਾਂਚ ਲਈ ਨਹੀਂ ਲਿਜਾਇਆ ਗਿਆ ਹੈ। ਹਾਲਾਂਕਿ ਸੱਟ ਨੇ ਐਤਵਾਰ ਦੇ ਮੈਚ ਲਈ ਸੂਰਿਆਕੁਮਾਰ ਦੀ ਉਪਲਬਧਤਾ ’ਤੇ ਸਵਾਲ ਖੜੇ ਕਰ ਦਿਤੇ ਹਨ ਕਿਉਂਕਿ ਹਾਰਦਿਕ ਪਾਂਡਿਆ ਦੀ ਗੈਰ-ਮੌਜੂਦਗੀ ਕਾਰਨ ਟੀਮ ਦਾ ਸੰਤੁਲਨ ਪਹਿਲਾਂ ਹੀ ਵਿਗੜਿਆ ਹੋਇਆ ਹੈ। ਪਾਂਡਿਆ ਨੂੰ ਬੰਗਲਾਦੇਸ਼ ਵਿਰੁਧ ਭਾਰਤ ਦੇ ਪਿਛਲੇ ਮੈਚ ਦੌਰਾਨ ਖੱਬੇ ਗਿੱਟੇ ਦੀ ਸੱਟ ਲੱਗ ਗਈ ਸੀ। ਉਹ ਟੀਮ ਨਾਲ ਧਰਮਸ਼ਾਲਾ ਨਹੀਂ ਆਏ ਹਨ।
ਭਾਰਤ ਲਈ ਹਾਲਾਤ ਉਦੋਂ ਹੋਰ ਵੀ ਔਖੇ ਹੋ ਗਏ ਜਦੋਂ ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਨੈੱਟ ਅਭਿਆਸ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਗਰਦਨ ਦੇ ਪਿਛਲੇ ਹਿੱਸੇ ’ਤੇ ਮਧੂ-ਮੱਖੀ ਨੇ ਡੰਗ ਮਾਰ ਦਿਤਾ। ਕਿਸ਼ਨ ਨੈੱਟ ਸੈਸ਼ਨ ਲਈ ਪਹੁੰਚਣ ਵਾਲੇ ਪਹਿਲੇ ਖਿਡਾਰੀਆਂ ’ਚੋਂ ਸਨ। ਉਸ ਨੇ ਲੰਮੇ ਸਮੇਂ ਤਕ ਬੱਲੇਬਾਜ਼ੀ ਕੀਤੀ ਪਰ ਮਧੂ-ਮੱਖੀ ਦੇ ਡੰਗ ਤੋਂ ਬਾਅਦ ਉਹ ਦਰਦ ਨਾਲ ਚੀਕਦੇ ਵੇਖੇ ਗਏ। ਇਸ ਤੋਂ ਬਾਅਦ ਉਸ ਨੇ ਬੱਲੇਬਾਜ਼ੀ ਨਹੀਂ ਕੀਤੀ।