
ਬਟਾਲਾ ਪਹੁੰਚਣ ’ਤੇ ਪੰਜਾਬ ਪੁਲਿਸ ਅਤੇ ਆਬਕਾਰੀ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜਸਪਿੰਦਰ ਸਿੰਘ ਤੇ ਸਰਬਜੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ
ਬਟਾਲਾ: ਆਸਟ੍ਰੇਲੀਆ ਵਿਚ ਹੋਈਆਂ ਪੈਨ ਪੈਸੀਫਿਕ ਮਾਸਟਰਜ਼ ਗੇਮਜ਼ ਵਿਚ ਪੰਜਾਬ ਪੁਲਿਸ ਦੇ ਏਐਸਆਈ ਅਤੇ ਮਹਿਲਾ ਕਾਂਸਟੇਬਲ ਨੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਸੋਨ ਤਮਗ਼ੇ ਜਿੱਤੇ ਹਨ। ਇਹਨਾਂ ਖੇਡਾਂ ਵਿਚ ਬਟਾਲਾ ਵਿਚ ਆਬਕਾਰੀ ਪੁਲਿਸ ’ਚ ਤਾਇਨਾਤ ਏਐਸਆਈ ਜਸਪਿੰਦਰ ਸਿੰਘ ਨੇ 100 ਮੀਟਰ ਅੜਿੱਕਾ ਦੌੜ ਅਤੇ ਹੈੱਡ ਕਾਂਸਟੇਬਲ ਸਰਬਜੀਤ ਕੌਰ ਨੇ ਗੋਲਾ ਸੁੱਟਣ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਸੀ, ਜਿਸ ਵਿਚ ਦੋਹਾਂ ਨੇ ਸੋਨ ਤਮਗ਼ੇ ਆਪਣੇ ਨਾਂਅ ਕੀਤੇ।
ਬਟਾਲਾ ਪਹੁੰਚਣ ’ਤੇ ਪੰਜਾਬ ਪੁਲਿਸ ਅਤੇ ਆਬਕਾਰੀ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜਸਪਿੰਦਰ ਸਿੰਘ ਤੇ ਸਰਬਜੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਏਐਸਆਈ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ 100 ਮੀਟਰ ਅੜਿੱਕਾ ਦੌਰ ’ਚ ਸੋਨੇ ਦਾ ਤਮਗ਼ਾ ਜਿਤਿਆ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਵਿਸ਼ਵ ਪੁਲਿਸ ਖੇਡਾਂ ਵਿਚ ਵੀ ਗੋਡਲ ਮੈਡਲ ਜਿੱਤਿਆ ਸੀ। ਉਹ ਆਬਕਾਰੀ ਵਿਭਾਗ ਵਿਚ ਡਿਊਟੀ ’ਤੇ ਤਾਇਨਾਤ ਹਨ।
ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਦੀ ਸਲਾਹ ਦਿੱਤੀ। ਉਹਨਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗ੍ਰਾਊਂਡ ਵੱਲ ਪ੍ਰੇਰਿਤ ਕਰਨ ਤਾਂ ਜੋ ਉਹ ਗਲਤ ਸੰਗਤ ਵਿਚ ਨਾ ਪੈਣ। ਹੈੱਡ ਕਾਂਸਟੇਬਲ ਸਰਬਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਗੋਲਾ ਸੁੱਟਣ (ਸ਼ਾਟਪੁੱਟ) ’ਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ ਹੈ।
ਇਸ ਤੋਂ ਪਹਿਲਾਂ ਵਿਸ਼ਵ ਪੁਲਿਸ ਖੇਡਾਂ ਵਿਚ ਵੀ ਉਹਨਾਂ ਨੇ ਨੇ ਸ਼ਾਟਪੁੱਟ ਵਿਚ ਗੋਲਡ ਅਤੇ ਡਿਸਕ ਥਰੋਅ ਵਿਚ ਸਿਲਵਰ ਮੈਡਲ ਜਿੱਤਿਆ ਸੀ। ਸਰਬਜੀਤ ਕੌਰ ਦਾ ਕਹਿਣਾ ਹੈ ਕਿ ਸਿਹਤ ਤੋਂ ਉੱਪਰ ਕੁਝ ਨਹੀਂ ਹੁੰਦਾ, ਜੇਕਰ ਅਸੀਂ ਤੰਦਰੁਸਤ ਰਹਾਂਗੇ ਤਾਂ ਹੀ ਕੰਮ ਕਰ ਸਕਾਂਗੇ, ਇਸ ਲਈ ਸਾਰੇ ਨੌਜਵਾਨਾਂ ਨੂੰ ਖੇਡਾਂ ਵੱਲ ਆਉਣਾ ਚਾਹੀਦਾ ਹੈ। ਦੱਸ ਦੇਈਏ ਕਿ ਏਐਸਆਈ ਜਸਪਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਸਰਬਜੀਤ ਕੌਰ ਨੇ ਇਸ ਤੋਂ ਪਹਿਲਾਂ ਵੀ ਕਈ ਖੇਡ ਮੁਕਾਬਲਿਆਂ ਵਿਚ ਤਮਗ਼ੇ ਜਿੱਤੇ ਹਨ।