ਰਾਮਾਇਣ 'ਚ ਬਾਖ਼ੂਬੀ ਨਿਭਾਇਆ ਸੀ ਭਗਵਾਨ ਹਨੂੰਮਾਨ ਦਾ ਕਿਰਦਾਰ
- 500 ਮੁਕਾਬਿਲਆਂ ’ਚੋਂ ਇਕ ਵਿਚ ਵੀ ਨਹੀਂ ਹੋਈ ਸੀ ਹਾਰ
- ਅਦਾਕਾਰੀ ਦੇ ਖੇਤਰ ’ਚ ਵੀ ਬਣਾਈ ਵੱਖਰੀ ਪਛਾਣ
- 150 ਦੇ ਕਰੀਬ ਹਿੰਦੀ ਪੰਜਾਬੀ ਫਿਲਮਾਂ ਵਿਚ ਕੀਤਾ ਕੰਮ
- ਸਾਲ 2002 ਤੋਂ 2009 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ
ਮੁਹਾਲੀ: ਪਹਿਲਵਾਨੀ ਅਤੇ ਅਦਾਕਾਰੀ ਦਾ ਕੋਈ ਤਾਲਮੇਲ ਨਹੀਂ। ਦੋਵੇਂ ਨਦੀ ਦੇ ਦੋ ਕਿਨਾਰਿਆਂ ਵਾਂਗ ਹਨ ਜਿਨ੍ਹਾਂ ਦਾ ਮਿਲਣਾ ਸੰਭਵ ਨਹੀਂ ਪਰ ਅਜਿਹੇ ਕੁੱਝ ਹੀ ਲੋਕ ਨੇ ਜਿਨ੍ਹਾਂ ਵੱਲੋਂ ਦੋਵੇਂ ਖੇਤਰਾਂ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੋਵੇ, ਇਨ੍ਹਾਂ ਵਿਚ ਦਾਰਾ ਸਿੰਘ ਦਾ ਨਾਮ ਵੀ ਸ਼ਾਮਲ ਹੈ। ਦਾਰਾ ਸਿੰਘ ਜਦੋਂ ਭਲਵਾਨੀ ਕਰਦੇ ਸਨ ਤਾਂ ਉਨ੍ਹਾਂ ਵਰਗਾ ਕੋਈ ਭਲਵਾਨ ਨਹੀਂ ਸੀ ਅਤੇ ਜਦੋਂ ਅਦਾਕਾਰੀ ਕੀਤੀ ਤਾਂ ਫਿਰ ਹਨੂੰਮਾਨ ਵਰਗੇ ਅਹਿਮ ਕਿਰਦਾਰ ਬਾਖ਼ੂਬੀ ਨਿਭਾਏ।
ਦਾਰਾ ਸਿੰਘ ਦਾ ਜਨਮ 19 ਨਵੰਬਰ 1928 ਨੂੰ ਅੰਮ੍ਰਿਤਸਰ ਦੇ ਪਿੰਡ ਧਰਮੂਚੱਕ ਵਿਖੇ ਹੋਇਆ। ਉਨ੍ਹਾਂ ਦਾ ਪਹਿਲਾ ਨਾਮ ਦੀਦਾਰ ਸਿੰਘ ਰੰਧਾਵਾ ਸੀ ਪਰ ਬਾਅਦ ਵਿਚ ਉਨ੍ਹਾਂ ਦਾ ਨਾਮ ਦਾਰਾ ਸਿੰਘ ਪੈ ਗਿਆ। ਦਾਰਾ ਸਿੰਘ ਨੂੰ ਬਚਪਨ ਤੋਂ ਹੀ ਕੁਸ਼ਤੀ ਕਰਨ ਦਾ ਸ਼ੌਕ ਸੀ, ਜੋ ਬਾਅਦ ਵਿਚ ਉਨ੍ਹਾਂ ਦੀ ਜ਼ਿੰਦਗੀ ਬਣ ਗਿਆ। ਸੰਨ 1950 ਦੇ ਦਹਾਕੇ ਦੌਰਾਨ ਉਨ੍ਹਾਂ ਨੇ ਪੇਸ਼ੇਵਰ ਫ੍ਰੀ-ਸਟਾਇਲ ਕੁਸ਼ਤੀ ਸ਼ੁਰੂ ਕੀਤੀ ਅਤੇ 1954 ਵਿਚ ਰਾਸ਼ਟਰ ਮੰਡਲ ਚੈਂਪੀਅਨਸ਼ਿਪ ਜਿੱਤ ਕੇ ਦੁਨੀਆ ਨੂੰ ਆਪਣੀ ਤਾਕਤ ਦਾ ਲੋਹਾ ਮੰਨਵਾਇਆ।
ਇਸ ਮਗਰੋਂ ਉਨ੍ਹਾਂ ਨੇ ਸਿੰਗਾਪੁਰ, ਮਲਾਇਆ, ਜਪਾਨ, ਆਸਟ੍ਰੇਲੀਆ, ਨਿਊਜ਼ੀਲੈਂਡ, ਹਾਂਗਕਾਂਗ, ਅਫ਼ਰੀਕਾ, ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਤੱਕ ਆਪਣੀ ਕਾਮਯਾਬੀ ਦੇ ਝੰਡੇ ਗੱਡੇ। ਦਾਰਾ ਸਿੰਘ ਨੇ ਹੰਗਰੀ ਦੇ ਕਿੰਗਕੌਂਗ, ਜੌਨ ਡਾ ਸਿਲਵਾ, ਸਕੀਹਿੱਪਰ, ਜੌਰਜ ਗਾਰਡੀਐਂਕੋ, ਲੂ ਥੀਜ਼ ਵਰਗੇ ਵਿਸ਼ਵ ਦੇ ਦਿੱਗਜ਼ ਪਹਿਲਵਾਨਾਂ ਨੂੰ ਵੀ ਧੂੜ ਚਟਾ ਕੇ ਰੱਖ ਦਿੱਤੀ। ਦਾਰਾ ਸਿੰਘ ਅਜਿਹੇ ਪਹਿਲਵਾਨ ਸਨ ਜੋ 500 ਤੋਂ ਜ਼ਿਆਦਾ ਪੇਸ਼ੇਵਰ ਮੁਕਾਬਿਲਆਂ ਵਿਚੋਂ ਉਹ ਕਦੇ ਵੀ ਕੋਈ ਮੁਕਾਬਲਾ ਨਹੀਂ ਹਾਰੇ।
ਲਗਭਗ ਤਿੰਨ ਦਹਾਕਿਆਂ ਤੱਕ ਪਹਿਲਵਾਨੀ ਦੀ ਦੁਨੀਆ ਵਿਚ ਸਰਗਰਮ ਰਹਿਣ ਵਾਲੇ ਦਾਰਾ ਸਿੰਘ ਨੂੰ ਰੁਸਤਮ-ਏ-ਹਿੰਦ, ਰੁਸਤਮ-ਏ-ਪੰਜਾਬ ਅਤੇ ਵਿਸ਼ਵ ਦੇ ਅਜੇਤੂ ਪਹਿਲਵਾਨ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਫਿਲਮੀ ਦੁਨੀਆ ਵਿਚ ਵੀ ਕਦਮ ਰੱਖ ਲਿਆ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਸੰਗਦਿਲ ਸੀ ਜੋ 1952 ਵਿਚ ਰਿਲੀਜ਼ ਹੋਈ ਸੀ।
ਹਾਲਾਂਕਿ ਬਤੌਰ ਅਦਾਕਾਰ ਉਨ੍ਹਾਂ ਨੂੰ ਮਜ਼ਬੂਤ ਪਛਾਣ ਸੰਨ 1962 ਵਿਚ ਮਿਲੀ ਜਦੋਂ ਉਨ੍ਹਾਂ ਦੀ ਫਿਲਮ ਕਿੰਗਕੌਂਗ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਹ ਫੌਲਾਦ, ਸਮਸੋਨ, ਵੀਰ ਭੀਮ ਸੈਨ ਵਰਗੀਆਂ ਅਨੇਕਾਂ ਫਿਲਮਾਂ ਵਿਚ ਨਜ਼ਰ ਆਏ ਅਤੇ 150 ਤੋਂ ਜ਼ਿਆਦਾ ਹਿੰਦੀ ਅਤੇ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ। ਸੰਨ 1983 ਦੌਰਾਨ 55 ਸਾਲ ਦੀ ਉਮਰ ਵਿਚ ਦਾਰਾ ਸਿੰਘ ਨੇ ਪਹਿਲਵਾਨੀ ਨੂੰ ਅਲਵਿਦਾ ਆਖ ਦਿੱਤਾ ਅਤੇ ਫਿਲਮਾਂ ਵੱਲ ਧਿਆਨ ਦੇਣ ਲੱਗ ਪਏ।
ਅਦਾਕਾਰੀ ਦੀ ਦੁਨੀਆ ਵਿਚ ਦਾਰਾ ਸਿੰਘ ਨੂੰ ਵੱਡੀ ਅਤੇ ਅਮਿੱਟ ਪਛਾਣ ਛੋਟੇ ਪਰਦੇ ਤੋਂ ਹਾਸਲ ਹੋਈ ਜਦੋਂ ਉਨ੍ਹਾਂ ਨੇ ਰਾਮਾਇਣ ਵਿਚ ਬਜਰੰਗ ਬਲੀ ਹਨੂੰਮਾਨ ਜੀ ਦਾ ਰੋਲ ਨਿਭਾਇਆ। ਰਾਮਾਨੰਦ ਸਾਗਰ ਵੱਲੋਂ ਨਿਰਦੇਸ਼ਤ ਇਸ ਇਤਿਹਾਸਕ ਸੀਰੀਅਲ ਵਿਚ ਭਗਵਾਨ ਹਨੂੰਮਾਨ ਦੇ ਕਿਰਦਾਰ ਨੂੰ ਦਾਰਾ ਸਿੰਘ ਨੇ ਜਿਸ ਤਰ੍ਹਾਂ ਆਪਣੀ ਮਜ਼ਬੂਤ ਕੱਦਕਾਠੀ ਅਤੇ ਅਦਾਕਾਰੀ ਸਮਰੱਥਾ ਨਾਲ ਜੀਵੰਤ ਕੀਤਾ, ਉਸ ਦਾ ਕੋਈ ਸਾਨੀ ਨਹੀਂ।
ਉਨ੍ਹਾਂ ਤੋਂ ਬਾਅਦ ਭਗਵਾਨ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲਾ ਕੋਈ ਵੀ ਅਦਾਕਾਰ ਅਦਾਕਾਰੀ ਦੇ ਉਸ ਪੱਧਰ ਨੂੰ ਨਹੀਂ ਛੂਹ ਸਕਿਆ। ਜਦੋਂ ਕਦੇ ਵੀ ਭਗਵਾਨ ਹਨੂੰਮਾਨ ਜੀ ਦੇ ਕਿਰਦਾਰ ਦੀ ਚਰਚਾ ਹੁੰਦੀ ਹੈ ਤਾਂ ਦਾਰਾ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। ਹੋਰ ਤਾਂ ਹੋਰ ਲੋਕਾਂ ਨੇ ਉਨ੍ਹਾਂ ਦੇ ਹਨੂੰਮਾਨ ਰੂਪ ਦੀਆਂ ਤਸਵੀਰਾਂ ਮੰਦਰਾਂ ਅਤੇ ਘਰਾਂ ਵਿਚ ਵੀ ਲਗਾ ਲਈਆਂ ਸਨ। ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਸਫ਼ਲਤਾ ਹੈ।
ਪਹਿਲਵਾਨੀ ਅਤੇ ਸਿਨੇਮਾ ਤੋਂ ਬਾਅਦ ਦਾਰਾ ਸਿੰਘ ਰਾਜਨੀਤੀ ਦੇ ਖੇਤਰ ਵਿਚ ਵੀ ਆਏ ਅਤੇ ਸਾਲ 2002 ਤੋਂ 2009 ਤੱਕ ਰਾਜ ਸਭਾ ਦੇ ਮੈਂਬਰ ਰਹੇ। ਦਾਰਾ ਸਿੰਘ ਦੀ ਆਖ਼ਰੀ ਹਿੰਦੀ ਫ਼ਿਲਮ ‘ਜਬ ਵੀ ਮੇਟ’ ਸੀ ਜੋ ਸਾਲ 2007 ਵਿਚ ਰਿਲੀਜ਼ ਹੋਈ ਸੀ। 12 ਜੁਲਾਈ 2012 ਨੂੰ ਮੁੰਬਈ ਵਿਖੇ 83 ਸਾਲ ਦੀ ਉਮਰ ਵਿਚ ਦਾਰਾ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਅੱਜ ਬੇਸ਼ੱਕ ਦਾਰਾ ਸਿੰਘ ਸਰੀਰਕ ਰੂਪ ਵਿਚ ਸਾਡੇ ਕੋਲ ਮੌਜੂਦ ਨਹੀਂ ਪਰ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਉਹ ਹਮੇਸ਼ਾਂ ਜ਼ਿੰਦਾ ਰਹਿਣਗੇ।
ਰੋਜ਼ਾਨਾ ਸਪੋਕਸਮੈਨ ਟੀਵੀ ਤੋਂ ਮੱਖਣ ਸ਼ਾਹ ਦੀ ਰਿਪੋਰਟ
