
“ਵਿਜ਼ਨ ਡਾਕੂਮੈਂਟ-2030" ਮੁਤਾਬਿਕ ਗੱਤਕੇ ਦੀ ਪ੍ਰਫੁੱਲਤਾ ਲਈ ਕੀਤਾ ਮੰਥਨ
ਚੰਡੀਗੜ੍ਹ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਸਹਿਯੋਗ ਨਾਲ ਸੈਕਟਰ 53 ਦੇ ਗੁਰਦੁਆਰਾ ਸਾਹਿਬ ਵਿੱਚ ਰੈਫਰੀਆਂ ਲਈ ਦੋ ਰੋਜ਼ਾ ਮੁਫ਼ਤ ਗੱਤਕਾ ਰਿਫਰੈਸ਼ਰ ਕੋਰਸ ਲਗਾਇਆ ਗਿਆ ਜਿਸ ਵਿੱਚ ਪੰਜਾਬ ਤੇ ਹਰਿਆਣਾ ਦੇ 45 ਰੈਫਰੀਆਂ ਨੇ ਭਾਗ ਲਿਆ।
The Gatka refresher course
ਇਸ ਕੋਰਸ ਵਿੱਚ ਆਪਣੇ ਸੰਬੋਧਨ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਰੈਫਰੀਆਂ ਨੂੰ ਗੱਤਕਾ ਟੂਰਨਾਮੈਂਟਾਂ ਤੇ ਸਿਖਲਾਈ ਕੈਂਪਾਂ ਦੇ ਸਫਲ ਆਯੋਜਨ, ਪ੍ਰਬੰਧ ਤੇ ਸੰਚਾਲਨ ਵਿਧੀ ਸਬੰਧੀ ਚਾਨਣਾ ਪਾਇਆ ਉੱਥੇ ਹੀ "ਵਿਜ਼ਨ ਡਾਕੂਮੈਂਟ-2030" ਤਹਿਤ ਇਸ ਦਹਾਕੇ ਦੌਰਾਨ ਗੱਤਕੇ ਦੇ ਵਿਕਾਸ ਤੇ ਪ੍ਰਫੁੱਲਤਾ ਲਈ ਉਲੀਕੇ ਪ੍ਰੋਗਰਾਮਾਂ ਤੇ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ। ਗੱਤਕਾ ਪ੍ਰਮੋਟਰ ਗਰੇਵਾਲ ਨੇ ਐਲਾਨ ਕੀਤਾ ਕਿ ਇਸ ਰਿਫਰੈਸ਼ਰ ਕੋਰਸ ਵਿੱਚੋਂ ਚੁਣੇ ਗਏ ਮੁੱਖ ਰੈਫਰੀਆਂ ਲਈ ਇੱਕ ਹਫ਼ਤੇ ਦਾ ਗੱਤਕਾ ਕਲੀਨਿਕ ਲਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਵਿਸ਼ਾ ਮਾਹਿਰ ਆਪਣੇ ਵਿਚਾਰ ਰੱਖਣਗੇ।
The Gatka refresher course
ਇਸ ਕੈਂਪ ਦੌਰਾਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਡਾਇਰੈਕਟਰ ਖੇਡਾਂ ਡਾ. ਪ੍ਰੀਤਮ ਸਿੰਘ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਪਟਿਆਲਾ ਮੁੱਖ ਕੋਚ, ਸੰਯੁਕਤ ਸਕੱਤਰ ਡਾ. ਪੰਕਜ ਧਮੀਜਾ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਅਤੇ ਮੁੱਖ ਰੈਫਰੀ ਬਖ਼ਸ਼ੀਸ਼ ਸਿੰਘ ਨੇ ਵੀ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਪੇਸ਼ ਕੀਤੇ।
The Gatka refresher course
ਰਿਫਰੈਸ਼ਰ ਕੋਰਸ ਵਿੱਚ ਭਾਗ ਲੈਣ ਆਏ ਰੈਫਰੀਆਂ ਦੀ ਤਰਫੋਂ ਵਿਚਾਰ ਸਾਂਝੇ ਕਰਦਿਆਂ ਗੁਰਪ੍ਰੀਤ ਸਿੰਘ ਰਾਜਾ ਅੰਮ੍ਰਿਤਸਰ ਨੇ ਆਖਿਆ ਕਿ ਉਹ ਸਾਲ 2008 ਤੋਂ ਲੈ ਕੇ ਹੁਣ ਤੱਕ ਗੱਤਕਾ ਐਸੋਸੀਏਸ਼ਨ ਵੱਲੋਂ ਲਗਵਾਏ ਜਾ ਰਹੇ ਸਿਖਲਾਈ ਕੈਂਪਾਂ ਅਤੇ ਰਿਫਰੈਸ਼ਰ ਕੋਰਸਾਂ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ ਅਤੇ ਅਜਿਹੇ ਕੈਂਪਾਂ ਅਤੇ ਕੋਰਸਾਂ ਤੋਂ ਖਿਡਾਰੀਆਂ ਅਤੇ ਰੈਫਰੀਆਂ ਨੂੰ ਬਹੁਤ ਵਡਮੁੱਲੀ ਜਾਣਕਾਰੀ ਮਿਲਦੀ ਹੈ ਅਤੇ ਐਸੋਸੀਏਸ਼ਨ ਦੇ ਨਿਯਮਾਂ ਅਤੇ ਟੂਰਨਾਮੈਂਟਾਂ ਸੰਬੰਧੀ ਸੂਚਨਾਵਾਂ ਬਾਰੇ ਅਪਡੇਟ ਹੋਣ ਦਾ ਮੌਕਾ ਪ੍ਰਦਾਨ ਹੁੰਦਾ ਹੈ।
The Gatka refresher course
ਕੋਰਸ ਵਿਚ ਭਾਗ ਲੈਣ ਆਏ ਸਮੂਹ ਰੈਫਰੀਆਂ ਨੇ ਦੋਵੇਂ ਦਿਨ ਗੱਤਕਾ ਗਰਾਊਂਡ ਵਿਚ ਡਿਜੀਟਲ ਸਕੋਰਬੋਰਡ ਰਾਹੀਂ ਹੋਏ ਪ੍ਰੈਕਟੀਕਲਾਂ ਵਿੱਚ ਭਾਗ ਲਿਆ ਅਤੇ ਇਸ ਕੈਂਪ ਦੇ ਆਯੋਜਨ ਉਤੇ ਖੁਸ਼ੀ ਜ਼ਾਹਰ ਕਰਦਿਆਂ ਮੰਗ ਰੱਖੀ ਕਿ ਅਜਿਹੇ ਕੋਰਸ ਦਾ ਸਮਾਂ ਇੱਕ ਹਫ਼ਤਾ ਰੱਖਿਆ ਜਾਵੇ। ਇਸ ਕੋਰਸ ਦੌਰਾਨ ਰੈਫਰੀ ਸਰਬਜੀਤ ਸਿੰਘ ਲੁਧਿਆਣਾ, ਸੁਖਚੈਨ ਸਿੰਘ ਹਰਿਆਣਾ, ਅਮਰੀਕ ਸਿੰਘ ਕਪੂਰਥਲਾ, ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਹਰਜਿੰਦਰ ਸਿੰਘ ਤਰਨਤਾਰਨ, ਯੋਗਰਾਜ ਸਿੰਘ ਮੋਹਾਲੀ, ਵਿਜੈਪ੍ਰਤਾਪ ਸਿੰਘ ਹੁਸ਼ਿਆਰਪੁਰ ਨੇ ਵੀ ਮਾਹਿਰਾਂ ਨਾਲ ਸਵਾਲਾਂ-ਜਵਾਬਾਂ ਦੇ ਸਮੇਂ ਦੌਰਾਨ ਖੇਡ ਦੀਆਂ ਬਾਰੀਕੀਆਂ ਨੂੰ ਸਮਝਿਆ। ਇਸ ਮੌਕੇ ਸਮੂਹ ਰੈਫਰੀਆਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ।
The Gatka refresher course
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮੁਹਾਲੀ ਦੇ ਸਕੱਤਰ ਹਰਪ੍ਰੀਤ ਸਿੰਘ ਸਰਾਓ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਜੁਆਇੰਟ ਸਕੱਤਰ ਪ੍ਰਭਜੋਤ ਸਿੰਘ ਜਲੰਧਰ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਸਕੱਤਰ ਹਰਜਿੰਦਰ ਕੁਮਾਰ ਅਤੇ ਮੁਖਤਿਆਰ ਸਿੰਘ ਪਟਿਆਲਾ ਵੀ ਹਾਜ਼ਰ ਸਨ।