
ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਤੀਜਾ ਮੈਚ ਅਤੇ ਤਿੰਨ ਮੈਚਾਂ ਦੀ ਲੜੀ ਬਰਾਬਰੀ ’ਤੇ ਮੁੱਕੀ
ਮੀਰਪੁਰ: ਭਾਰਤੀ ਜ਼ਨਾਨਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸਨਿਚਰਵਾਰ ਨੂੰ ਬੰਗਲਾਦੇਸ਼ ਵਿਰੁਧ ਤੀਜੇ ਵਨਡੇ ਮੈਚ ਦੌਰਾਨ ਅੰਪਾਇਰਿੰਗ ਦੀ ਆਲੋਚਨਾ ਕਰਦਿਆਂ ਇਸ ਨੂੰ ‘ਬੇਹੱਦ ਨਿਰਾਸ਼ਾਜਨਕ’ ਕਰਾਰ ਦਿਤਾ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕੇਟਾਂ ’ਤੇ 225 ਦੌੜਾਂ ਦਾ ਚੁਨੌਤੀਪੂਰਨ ਸਕੋਰ ਖੜਾ ਕੀਤਾ। ਇਸ ਦੇ ਜਵਾਬ ’ਚ ਭਾਰਤੀ ਟੀਮ 49.3 ਓਵਰਾਂ ’ਚ 225 ਦੌੜਾਂ ’ਤੇ ਆਊਟ ਹੋ ਗਈ।
ਮੈਚ ਤੋਂ ਬਾਅਦ ਹਰਮਨਪ੍ਰੀਤ ਨੇ ਕਿਹਾ, ‘‘ਇਸ ਲੜੀ ’ਚ ਸਾਨੂੰ ਬਹੁਤ ਕੁਝ ਸਿਖਣ ਨੂੰ ਮਿਲਿਆ। ਕ੍ਰਿਕੇਟ ਤੋਂ ਇਲਾਵਾ ਜਿਸ ਤਰ੍ਹਾ ਦੀ ਅੰਪਾਇਰਿੰਗ ਹੋਈ, ਉਸ ਤੋਂ ਮੈਂ ਹੈਰਾਨ ਹਾਂ। ਮੈਨੂੰ ਲਗਦਾ ਹੈ ਕਿ ਬੰਗਲਾਦੇਸ਼ ਦੇ ਅਗਲੇ ਦੌਰੇ ’ਤੇ ਸਾਨੂੰ ਇਸ (ਖ਼ਰਾਬ ਅੰਪਾਇਰਿੰਗ) ਵਰਗੀਆਂ ਚੀਜ਼ਾਂ ਲਈ ਤਿਆਰ ਹੋ ਕੇ ਆਉਣਾ ਪਵੇਗਾ।’’
ਭਾਰਤ ਨੂੰ ਜੇਮਿਮਾ ਰੋਡਿਰਿਗਜ਼ (ਨਾਟਆਊਟ 33) ਅਤੇ ਮੇਘਨਾ ਸਿੰਘ (ਛੇ) ਦੀ ਆਖ਼ਰੀ ਜੋੜੀ ਟੀਮ ਨੂੰ ਜਿੱਤ ਨੇੜੇ ਲੈ ਗਈ, ਪਰ ਮੇਘਨਾ ਵਿਰੁਧ ਵਿਕੇਟ ਪਿੱਛੇ ਵਿਵਾਦਮਈ ਕੈਚ ਨਾਲ ਮੈਚ ਬਰਾਰੀ ’ਤੇ ਛੁਟਿਆ। ਜੇਮਿਮਾ ਅਤੇ ਮੇਘਨਾ ਦੋਵੇਂ ਇਸ ਕੈਚ ਦੇ ਫੈਸਲੇ ਤੋਂ ਨਾਖੁਸ਼ ਦਿਸੀਆਂ। ਭਾਰਤ ਨੇ ਆਖ਼ਰੀ ਛੇ ਵਿਕੇਟਾਂ 34 ਦੌੜਾਂ ਅੰਦਰ ਹੀ ਗੁਆ ਦਿਤੀਆਂ।
ਭਾਰਤ ਦੀ ਕਪਤਾਨ ਨੇ ਮੈਦਾਨੀ ਅੰਪਾਇਰਾਂ ਮੁਹੰਮਦ ਕਮਰੂਜ਼ਮਾ ਅਤੇ ਤਨਵੀਰ ਅਹਿਮਦ ਦੀ ਆਲੋਚਨਾ ਕੀਤੀ। ਇਹ ਦੋਵੇਂ ਅੰਪਾਇਰ ਸਥਾਨਕ ਹਨ। ਹਰਮਨਪ੍ਰੀਤ ਨੇ ਕਿਹਾ, ‘‘ਉਨ੍ਹਾਂ (ਬੰਗਲਾਦੇਸ਼) ਨੇ ਅਸਲ ’ਚ ਚੰਗੀ ਬੱਲੇਬਾਜ਼ੀ ਕੀਤੀ, ਸਥਿਤੀ ਦੇ ਮੁਤਾਬਕ ਬੱਲੇਬਾਜ਼ੀ ਕੀਤੀ। ਜਦੋਂ ਅਸੀਂ ਬੱਲੇਬਾਜ਼ੀ ਕਰ ਰਹੇ ਸੀ ਤਾਂ ਅਸੀਂ ਚੰਗੀ ਤਰ੍ਹਾਂ ਨਾਲ ਖੇਡ ਨੂੰ ਕੰਟਰੋਲ ਕੀਤਾ, ਪਰ ਜਿਵੇਂ ਕਿ ਮੈਂ ਪਹਿਲਾਂ ਦਸਿਆ ਹੈ, ਬਹੁਤ ਖਰਾਬ ਅੰਪਾਇਰਿੰਗ ਨੇ ਮੈਚ ਦਾ ਰੁਖ ਬਦਲ ਦਿਤਾ।’’
ਉਸ ਨੇ ਕਿਹਾ, ‘‘ਅੰਪਾਇਰਾਂ ਵਲੋਂ ਦਿਤੇ ਗਏ ਕੁਝ ਫੈਸਲਿਆਂ ਤੋਂ ਅਸੀਂ ਸੱਚਮੁਚ ਨਿਰਾਸ਼ ਹਾਂ।’’
ਭਾਰਤੀ ਕਪਤਾਨ ਨੇ ਨਾਹਿਦਾ ਅਖਤਰ ਦੀ ਗੇਂਦ ’ਤੇ 14 ਦੌੜਾਂ ’ਤੇ ਐਲ.ਬੀ.ਡਬਲਯੂ. ਆਊਟ ਹੋਣ ਤੋਂ ਬਾਅਦ ਨਿਰਾਸ਼ਾ ’ਚ ਅਪਣਾ ਬੱਲਾ ਸਟੰਪ ’ਤੇ ਮਾਰਿਆ ਸੀ।
ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਸਲਾਮੀ ਬੱਲੇਬਾਜ਼ ਫਰਗਾਨਾ ਹੱਕ ਦੇ ਕਰੀਅਰ ਦੇ ਪਹਿਲੇ ਸੈਂਕੜੇ ਅਤੇ ਭਾਰਤ ਦੀ ਹਰਲੀਨ ਦੇਉਲ ਦੇ ਆਕਰਸ਼ਕ ਅੱਧੇ ਸੈਂਕੜੇ ਦਾ ਗਵਾਹ ਰਿਹਾ ਕੁੜੀਆਂ ਦਾ ਤੀਜਾ ਵਨਡੇ ਕੌਮਾਂਤਰੀ ਕ੍ਰਿਕੇਟ ਮੈਚ ਸਨਿਚਰਵਾਰ ਨੂੰ ਬਰਾਬਰੀ ’ਤੇ ਛੁੱਟਿਆ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਵਿਚਕਾਰ ਤਿੰਨ ਮੈਚਾਂ ਦੀ ਲੜੀ 1-1 ’ਤੇ ਬਰਾਬਰ ਰਹੀ।
ਫਰਗਾਨਾ ਹੱਕ ਨੇ 160 ਗੇਂਦਾਂ ’ਤੇ 107 ਦੌੜਾਂ ਬਣਾਈਆਂ, ਜਿਸ ’ਚ ਸੱਤ ਚੌਕੇ ਸ਼ਾਮਲ ਹਨ। ਉਹ ਬੰਗਲਾਦੇਸ਼ ਵਲੋਂ ਵਨਡੇ ’ਚ ਸੈਂਕੜਾ ਲਾਉਣ ਵਾਲੀ ਪਹਿਲੀ ਕ੍ਰਿਕੇਟ ਖਿਡਾਰਨ ਹੈ। ਉਹ ਪਾਰੀ ਦੀ ਆਖ਼ਰੀ ਗੇਂਦਰ ’ਤੇ ਆਊਟ ਹੋਈ। ਉਨ੍ਹਾਂ ਅਪਣੀ ਪਾਰੀ ਦੌਰਾਨ ਸ਼ਮੀਮਾ ਸੁਲਤਾਨਾ (52) ਨਾਲ ਪਹਿਲੇ ਵਿਕੇਟ ਲਈ 93 ਦੌੜਾਂ ਬਣਾਈਆਂ।
ਹਰਲੀਨ ਨੇ 108 ਗੇਂਦਾਂ ’ਤੇ 9 ਚੌਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ ਜੋ ਉਨ੍ਹਾਂ ਦੇ ਕਰੀਅਰ ਦਾ ਬਿਹਤਰੀਨ ਸਕੋਰ ਹੈ। ਉਨ੍ਹਾਂ ਨੇ ਸਮ੍ਰਿਤੀ ਮੰਧਾਨਾ (59) ਨਾਲ ਤੀਜੇ ਵਿਕੇਟ ਲਈ 107 ਦੌੜਾਂ ਬਣਾ ਕੇ ਭਾਰਤ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਾਹਰ ਕਢਿਆ। ਜੇਮਿਮਾ ਰੋਡਰਿੱਗਸ 33 ਦੌੜਾਂ ਬਣਾ ਕੇ ਨਾਟ-ਆਊਟ ਰਹੀ ਪਰ ਦੂਜੇ ਪਾਸੇ ਵਿਕੇਟ ਡਿੱਗਣ ਕਾਰਨ ਉਹ ਭਾਰਤ ਨੂੰ ਟੀਚੇ ਤਕ ਨਹੀਂ ਪਹੁੰਚਾ ਸਕੀ।