
ਵਿਸ਼ਵ ਕੱਪ ਮੈਚਾਂ ’ਚ 20 ਸਾਲਾਂ ਬਾਅਦ ਨਿਊਜ਼ੀਲੈਂਡ ’ਤੇ ਭਾਰਤ ਦੀ ਪਹਿਲੀ ਜਿੱਤ
- ਵਿਸ਼ਵ ਕੱਪ ਦੇ ਪ੍ਰਮੁੱਖ ਦਾਅਵੇਦਾਰ ਨੂੰ 4 ਵਿਕਟਾਂ ਨਾਲ ਹਰਾ ਕੇ ਭਾਰਤ ਅੰਕ ਤਾਲਿਕਾ ’ਚ ਮੁੜ ਸਿਖਰ ’ਤੇ ਪੁੱਜਾ
- ਧਰਮਸ਼ਾਲਾ ਦੇ ‘ਖਰਾਬ’ ਆਊਟਫੀਲਡ ’ਤੇ ਛਾਲ ਲਾਉਣ ਤੋਂ ਬਚਦੇ ਦਿਸੇ ਫ਼ੀਲਡਰ
ਧਰਮਸ਼ਾਲਾ: ਕ੍ਰਿਕੇਟ ਵਿਸ਼ਵ ਕੱਪ 2023 ’ਚ ਭਾਰਤ ਪੰਜ ਮੈਚਾਂ ਤੋਂ ਬਾਅਦ ਵੀ ਅਜਿੱਤ ਹੈ। ਵਿਸ਼ਵ ਕੱਪ ਦੇ ਪ੍ਰਮੁੱਖ ਦਾਅਵੇਦਾਰ ਨਿਊਜ਼ੀਲੈਂਡ ਨੂੰ ਇਕ ਰੋਮਾਂਚਕ ਮੈਚ ’ਚ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਭਾਰਤ ਅੰਕ ਤਾਲਿਕਾ ’ਚ ਸਿਖਰ ’ਤੇ ਆ ਗਿਆ ਹੈ। ਟੂਰਨਾਮੈਂਟ ’ਚ ਭਾਰਤੀ ਟੀਮ ਹੀ ਹੁਣ ਤਕ ਇੱਕੋ-ਇਕ ਟੀਮ ਹੈ ਜਿਸ ਨੇ ਇਕ ਵੀ ਮੈਚ ਨਹੀਂ ਹਾਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ ’ਚ ਨਿਊਜ਼ੀਲੈਂਡ ਨੇ ਟੂਰਨਾਮੈਂਟ ਦਾ ਅਪਣਾ ਪਹਿਲਾ ਮੈਚ ਹਾਰਿਆ ਹੈ। ਇਸ ਜਿੱਤ ਨਾਲ ਹੀ ਭਾਰਤ ਨੇ ਨਿਊਜ਼ੀਲੈਂਡ ਨੂੰ ਇਤਿਹਾਸ ’ਚ ਵਿਸ਼ਵ ਕੱਪ ਦੇ ਮੈਚਾਂ ’ਚ ਵੀ ਪਹਿਲੀ ਵਾਰੀ ਹਰਾਇਆ ਹੈ।
ਮੈਚ ਦੇ ਹੀਰੋ ਪੰਜ ਵਿਕਟਾਂ ਲੈਣ ਵਾਲੇ ਗੇਂਦਬਾਜ਼ ਮੁਹੰਮਦ ਸ਼ਮੀ ਰਹੇ ਜਿਸ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨ ਕੀਤਾ ਗਿਆ। ਕਪਤਾਨ ਨਿਊਜ਼ੀਲੈਂਡ ਤੋਂ ਮਿਲੇ 274 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿਤੀ। ਰੋਹਿਤ ਸ਼ਰਮਾ 46 ਅਤੇ ਗਿੱਲ 26 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਮੋਰਚਾ ਸੰਭਾਲਿਆ ਅਤੇ ਦੂਜੇ ਕਿਨਾਰੇ ਤੋਂ ਸਮੇਂ-ਸਮੇਂ ’ਤੇ ਡਿੱਗ ਰਹੀਆਂ ਭਾਰਤ ਦੀਆਂ ਵਿਕਟਾਂ ਵੀ ਪ੍ਰਵਾਹ ਨਾ ਕਰਦਿਆਂ 2 ਛੱਕਿਆਂ ਅਤੇ 8 ਚੌਕਿਆਂ ਦੀ ਮਦਦ ਨਾਲ 95 ਦੌੜਾਂ ਬਣਾਈਆਂ। ਜਿਸ ਵੇਲੇ ਭਾਰਤ ਨੂੰ ਜਿੱਤ ਲਈ 5 ਦੌੜਾਂ ਚਾਹੀਦੀਆਂ ਸਨ ਉਸ ਸਮੇਂ ਵਿਰਾਟ ਨੇ ਛੱਕਾ ਮਾਰ ਕੇ ਅਪਣਾ ਸੈਂਕੜਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਟ ਹੈਨਰੀ ਦੀ ਗੇਂਦ ’ਤੇ ਗਲੇਨ ਫ਼ਿਲੀਪਸ ਨੇ ਉਨ੍ਹਾਂ ਦਾ ਕੈਚ ਫੜ ਲਿਆ। ਰਵਿੰਦਰ ਜਡੇਜਾ ਨੇ ਚੌਕਾ ਮਾਰ ਕੇ ਭਾਰਤ ਨੂੰ ਜਿੱਤ ਦਿਵਾਈ। ਜਡੇਜਾ ਨੇ 44 ਗੇਂਦਾਂ ’ਤੇ ਨਾਬਾਦ 39 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਡੇਰਿਲ ਮਿਸ਼ੇਲ ਦੇ ਸੈਂਕੜੇ ਅਤੇ ਰਚਿਨ ਰਵਿੰਦਰਾ ਦੇ ਨਾਲ ਵੱਡੀ ਸੈਂਕੜੇ ਵਾਲੀ ਸਾਂਝੇਦਾਰੀ ਦੇ ਬਾਵਜੂਦ ਭਾਰਤ ਨੇ ਮੁਹੰਮਦ ਸ਼ਮੀ ਦੀਆਂ ਪੰਜ ਵਿਕਟਾਂ ਦੀ ਬਦੌਲਤ ਨਿਊਜ਼ੀਲੈਂਡ ਨੂੰ 273 ਦੌੜਾਂ ’ਤੇ ਸਮੇਟ ਦਿਤਾ। ਮਿਸ਼ੇਲ ਨੇ 127 ਗੇਂਦਾਂ ’ਤੇ ਪੰਜ ਛੱਕਿਆਂ ਅਤੇ ਨੌਂ ਚੌਕਿਆਂ ਦੀ ਮਦਦ ਨਾਲ 130 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਰਚਿਨ (75 ਦੌੜਾਂ, 87 ਗੇਂਦਾਂ, ਛੇ ਚੌਕੇ, ਇਕ ਛੱਕਾ) ਨਾਲ ਮਿਲ ਕੇ ਤੀਜੇ ਵਿਕਟ ਲਈ 159 ਦੌੜਾਂ ਜੋੜੀਆਂ, ਜੋ ਇਸ ਮੈਦਾਨ ’ਤੇ ਕਿਸੇ ਵੀ ਵਿਕੇਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਭਾਰਤੀ ਫੀਲਡਿੰਗ ਨੇ ਵੀ ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੂੰ ਜੀਵਨਦਾਨ ਦਿਤਾ।
ਭਾਰਤ ਲਈ ਸ਼ਮੀ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 54 ਦੌੜਾਂ ਦੇ ਕੇ ਅਪਣੇ ਕਰੀਅਰ ’ਚ ਤੀਜੀ ਵਾਰ ਪੰਜ ਵਿਕਟਾਂ ਲਈਆਂ। ਖੱਬੇ ਹੱਥੇ ਦੇ ਸਪਿਨਰ ਕੁਲਦੀਪ ਯਾਦਵ ਮਹਿੰਗੇ ਸਾਬਤ ਹੋਏ। ਉਨ੍ਹਾਂ 73 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੁਹੰਮਦ ਸਿਰਾਜ (45 ਦੌੜਾਂ ’ਤੇ ਇਕ ਵਿਕਟ) ਅਤੇ ਜਸਪ੍ਰੀਤ ਬੁਮਰਾਹ (45 ਦੌੜਾਂ ’ਤੇ ਇਕ ਵਿਕਟ) ਨੇ ਕਸੀ ਹੋਈ ਗੇਂਦਬਾਜ਼ੀ ਕੀਤੀ ਅਤੇ ਇਕ-ਇਕ ਵਿਕਟ ਲਈ। ਪੂਰੇ ਟੂਰਨਾਮੈਂਟ ਦੌਰਾਨ ਨਿਊਜ਼ੀਲੈਂਡ ਦੇ ਬੱਲੇਬਾਜ਼ ਪਹਿਲੀ ਵਾਰ ਦਬਾਅ ’ਚ ਨਜ਼ਰ ਆਏ। ਭਾਰਤ ਦੀ ਸਟੀਕ ਗੇਂਦਬਾਜ਼ੀ ਦੇ ਸਾਹਮਣੇ ਟੀਮ ਆਖਰੀ 13 ਓਵਰਾਂ ’ਚ 68 ਦੌੜਾਂ ਹੀ ਬਣਾ ਸਕੀ।
ਇਸ ਦੌਰਾਨ ਐਚ.ਪੀ.ਸੀ.ਏ. (ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ) ਦੇ ਸਟੇਡੀਅਮ ਦਾ ਖਰਾਬ ਆਊਟਫੀਲਡ ਐਤਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਮੈਚ ਦੌਰਾਨ ਇਕ ਵਾਰ ਫਿਰ ਸੁਰਖੀਆਂ ਵਿਚ ਰਿਹਾ ਕਿਉਂਕਿ ਕਈ ਭਾਰਤੀ ਖਿਡਾਰੀ ਸੱਟ ਤੋਂ ਬਚਣ ਲਈ ਛਾਲ ਲਾਉਣ ਤੋਂ ਝਿਜਕਦੇ ਦਿਸੇ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਦੀ ਪਾਰੀ ’ਚ ਸ਼ੁਰੂਆਤੀ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਉਂਗਲੀ ’ਤੇ ਸੱਟ ਲੱਗ ਗਈ। ਰੋਹਿਤ ਨੂੰ ਇਲਾਜ ਲਈ ਮੈਦਾਨ ਛਡਣਾ ਪਿਆ। ਹਾਲਾਂਕਿ, ਬਾਅਦ ’ਚ ਉਹ ਟੀਮ ਦੀ ਅਗਵਾਈ ਕਰਨ ਲਈ ਪਰਤ ਆਏ।
ਮੈਚ ਦੇ 35ਵੇਂ ਓਵਰ ’ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਫਾਈਨ ਲੈੱਗ ਵਲ ਗੇਂਦ ਦਾ ਪਿੱਛਾ ਕਰਦੇ ਹੋਏ ਡਾਈਵਿੰਗ ਤੋਂ ਬਚਣ ਦਾ ਫੈਸਲਾ ਕੀਤਾ ਅਤੇ ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ ਨੂੰ ਇਸ ਕਾਰਨ ਚੌਕਾ ਮਿਲ ਗਿਆ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਅਤੇ ਅਫਗਾਨਿਸਤਾਨ ਦੇ ਕੋਚ ਜੋਨਾਥਨ ਟ੍ਰੌਟ ਨੇ ਇਸ ਮੈਦਾਨ ਦੇ ਖਰਾਬ ਆਊਟਫੀਲਡ ’ਤੇ ਨਿਰਾਸ਼ਾ ਜਤਾਈ ਸੀ।