
ਅਪਣੇ ਫੈਸਲਿਆਂ ਲਈ ਤੁਸੀਂ ਖ਼ੁਦ ਜ਼ਿੰਮੇਵਾਰ ਹੋ: ਕਮਿੰਸ
ਸਿਡਨੀ, 23 ਜਨਵਰੀ: ਆਸਟਰੇਲੀਆ ਕ੍ਰਿਕੇਟ ਟੀਮ ਦੇ ਹਰਫ਼ਨਮੌਲ ਖਿਡਾਰੀ ਗਲੇਨ ਮੈਕਸਵੈਲ ਨੂੰ ਪਿਛਲੇ ਹਫਤੇ ਐਡੀਲੇਡ ’ਚ ਦੇਰ ਰਾਤ ਹਸਪਤਾਲ ਲਿਜਾਣ ਦਾ ਕਾਰਨ ਸਾਹਮਣੇ ਆ ਗਿਆ ਹੈ। ਇਕ ਰੀਪੋਰਟ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਮੈਕਸਵੈੱਲ ਨੇ ਉਸ ਰਾਤ ਇਕ ਸੰਗੀਤ ਸਮਾਰੋਹ ’ਚ ਹਿੱਸਾ ਲੈਣ ਤੋਂ ਬਾਅਦ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਸੀ ਜਿਸ ਤੋਂ ਬਾਅਦ ਬੇਹੋਸ਼ ਹੋ ਗਏ ਸਨ।
ਇਸ ਤੋਂ ਪਹਿਲੀ ਰੀਪੋਰਟ ਵਿਚ ਇਹ ਨਹੀਂ ਦਸਿਆ ਗਿਆ ਕਿ ਮੈਕਸਵੈਲ ਨੂੰ ਹਸਪਤਾਲ ਕਿਉਂ ਲਿਜਾਣਾ ਪਿਆ ਪਰ ‘ਸਿਡਨੀ ਮਾਰਨਿੰਗ ਹੇਰਾਲਡ’ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਉਹ ਬੇਹੋਸ਼ ਹੋ ਗਿਆ ਸੀ ਅਤੇ ਉਸ ਨੂੰ ਜਦੋਂ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸ ਨੂੰ ਹੋਸ਼ ਵਿਚ ਆ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੈਕਸਵੈਲ ਇਕ ਸੰਗੀਤ ਸਮਾਰੋਹ ’ਚ ਸੀ।
ਰੀਪੋਰਟ ’ਚ ਕਈ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ੋਅ ਦੌਰਾਨ ਮੈਕਸਵੈਲ ਨੇ ਭੀੜ ’ਚ ਮੌਜੂਦ ਕਈ ਲੋਕਾਂ ਨਾਲ ਤਸਵੀਰਾਂ ਖਿੱਚੀਆਂ। ਇਸ ਤੋਂ ਬਾਅਦ ਉਹ ਅਤੇ ਉਸ ਦੇ ਦੋਸਤ ਸਟੇਜ ਦੇ ਪਿੱਛੇ ਸ਼ਰਾਬ ਪੀਣ ਲੱਗੇ ਅਤੇ ਗਾਉਣ ਲੱਗੇ। ਫਿਰ ਹੋਰ ਦੋਸਤ ਵੀ ਕਮਰੇ ’ਚ ਆਏ। ਇਸ ਦੌਰਾਨ ਮੈਕਸਵੈਲ ਬੇਹੋਸ਼ ਹੋ ਗਿਆ ਅਤੇ ਉਸ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਸੀ, ਜਿਸ ਕਾਰਨ ਇਕ ਐਂਬੂਲੈਂਸ ਬੁਲਾਈ ਗਈ। ਹਾਲਾਂਕਿ ਉਸ ਨੂੰ ਛੇਤੀ ਹੀ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਸੀ ਅਤੇ ਹੁਣ ਉਹ ਟੀਮ ਨਾਲ ਹੈ।
ਆਸਟਰੇਲੀਆ ਟੀਮ ਦੇ ਕਪਤਾਨ ਪੈਟ ਕਮਿੰਸ ਤੋਂ ਜਦੋਂ ਟੀਮ ਦੇ ਸਾਥੀ ਗਲੇਨ ਮੈਕਸਵੈਲ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਜੋ ਕੰਮ ਕਰਦੇ ਹੋ, ਉਸ ਦੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਪੈਂਦੀ ਹੈ।
ਕਮਿੰਸ ਵੀ ਬੈਂਡ ‘ਸਿਕਸ ਐਂਡ ਆਊਟ’ ਦੇ ਸੰਗੀਤ ਸਮਾਰੋਹ ਵਿਚ ਵੀ ਮੌਜੂਦ ਸਨ, ਜਿਸ ਵਿਚ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਵੀ ਸਨ, ਜਿੱਥੇ ਮੈਕਸਵੈਲ ਬੇਹੋਸ਼ ਹੋ ਗਏ ਸਨ। ਹਾਲਾਂਕਿ ਕਮਿੰਸ ਨੇ ਬਹੁਤ ਪਹਿਲਾਂ ਹੀ ਸੰਗੀਤ ਸਮਾਰੋਹ ਛੱਡ ਦਿਤਾ ਸੀ।
‘ਸਿਡਨੀ ਮਾਰਨਿੰਗ ਹੇਰਾਲਡ’ ਮੁਤਾਬਕ ਮੈਕਸਵੈਲ ਬਾਰੇ ਪੁੱਛੇ ਜਾਣ ’ਤੇ ਕਮਿੰਸ ਨੇ ਕਿਹਾ, ‘‘ਇਸ ਦਾ ਜਵਾਬ ਉਹੀ ਦੇ ਸਕਦੇ ਹਨ। ਮੈਂ ਉਸ ਸੰਗੀਤ ਸਮਾਰੋਹ ’ਚ ਸੀ ਪਰ ਬਹੁਤ ਪਹਿਲਾਂ ਉੱਥੋਂ ਚਲਾ ਗਿਆ ਸੀ। ਮੈਂ ਉੱਥੇ ਮੈਕਸੀ (ਮੈਕਸਵੈਲ) ਨੂੰ ਵੀ ਨਹੀਂ ਮਿਲਿਆ। ਅਸੀਂ ਸਾਰੇ ਬਾਲਗ ਹਾਂ ਅਤੇ ਵੱਡੇ ਹੋਣ ਦਾ ਮਤਲਬ ਹੈ ਕਿ ਅਸੀਂ ਅਪਣੇ ਫੈਸਲਿਆਂ ਲਈ ਖ਼ੁਦ ਜ਼ਿੰਮੇਵਾਰ ਹਾਂ।’’
ਉਨ੍ਹਾਂ ਕਿਹਾ, ‘‘ਮੈਕਸਵੈਲ ਟੀਮ ਨਾਲ ਸਫ਼ਰ ਨਹੀਂ ਕਰ ਰਿਹਾ ਹੈ, ਇਸ ਲਈ ਉਹ ਨਿੱਜੀ ਤੌਰ ’ਤੇ ਮੌਜੂਦ ਸੀ।’’