
ਕਿਹਾ- ਇਸੇ ਤਰ੍ਹਾਂ ਮਿਹਨਤ ਨਾਲ ਦੇਸ਼ ਸਮੇਤ ਪੰਜਾਬ ਦਾ ਨਾਂਅ ਦੁਨੀਆਂ ਭਰ ‘ਚ ਰੌਸ਼ਨ ਕਰੋ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਦੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਭਾਰਤੀ ਕ੍ਰਿਕਟ ਟੀਮ ਵਿਚ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ, “ਖਰੜ ਦੇ ਸਾਡੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਭਾਰਤੀ ਕ੍ਰਿਕਟ ਟੀਮ ‘ਚ ਚੁਣੇ ਜਾਣ ‘ਤੇ ਵਧਾਈ! ਇਸੇ ਤਰ੍ਹਾਂ ਮਿਹਨਤ ਨਾਲ ਦੇਸ਼ ਸਮੇਤ ਪੰਜਾਬ ਦਾ ਨਾਂਅ ਦੁਨੀਆਂ ਭਰ ‘ਚ ਰੌਸ਼ਨ ਕਰੋ...ਖ਼ੂਬ ਤਰੱਕੀਆਂ ਕਰੋ...ਬਹੁਤ ਸਾਰੀਆਂ ਸ਼ੁੱਭਕਾਮਨਾਵਾਂ”।
ਖਰੜ ਦੇ ਅਰਸ਼ਦੀਪ ਸਿੰਘ (23) ਨੂੰ ਆਈਪੀਐੱਲ-15 ਦੇ ਆਪਣੇ ਚੌਥੇ ਸੀਜ਼ਨ 'ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ 'ਚ ਖੇਡਣ ਦਾ ਮੌਕਾ ਮਿਲਿਆ ਹੈ। ਉਹ 2019 ਤੋਂ ਆਈਪੀਐਲ ਖੇਡ ਰਿਹਾ ਹੈ ਅਤੇ ਮੌਜੂਦਾ ਸੀਜ਼ਨ ਵਿਚ ਪੰਜਾਬ ਕਿੰਗਜ਼ ਦਾ ਹਿੱਸਾ ਸੀ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਨੂੰ ਦੇਖਦੇ ਹੋਏ ਉਸ ਨੂੰ ਸਾਰੇ 14 ਮੈਚਾਂ 'ਚ ਖਿਡਾਇਆ ਗਿਆ। ਇਹਨਾਂ ਮੈਚਾਂ 'ਚ ਅਰਸ਼ਦੀਪ ਸਿੰਘ ਨੇ 50 ਓਵਰਾਂ 'ਚ 385 ਦੌੜਾਂ ਦੇ ਕੇ 10 ਵਿਕਟਾਂ ਲਈਆਂ। ਉਸ ਦਾ ਸਰਵੋਤਮ ਸਕੋਰ 37 ਦੌੜਾਂ 'ਤੇ 3 ਵਿਕਟਾਂ ਰਿਹਾ।
ਅਰਸ਼ਦੀਪ ਦੀ ਗੇਂਦਬਾਜ਼ੀ ਨੂੰ ਦੇਖਦੇ ਹੋਏ ਸਿਲੈਕਟਰਜ਼ ਨੇ ਉਸ ਨੂੰ ਭਾਰਤੀ ਟੀਮ 'ਚ ਜਗ੍ਹਾ ਦਿੱਤੀ ਹੈ। ਉਹ ਦੱਖਣੀ ਅਫਰੀਕਾ ਖਿਲਾਫ਼ 9 ਜੂਨ ਤੋਂ ਸ਼ੁਰੂ ਹੋਣ ਵਾਲੀ ਟੀ-20 ਘਰੇਲੂ ਸੀਰੀਜ਼ 'ਚ ਖੇਡਣਗੇ। ਅਰਸ਼ਦੀਪ ਮੁੱਖ ਤੌਰ 'ਤੇ ਗੇਂਦਬਾਜ਼ੀ ਕਰਦੇ ਹਨ ਪਰ ਉਹ ਆਲ ਰਾਊਂਡਰ ਹਨ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱਥ ਨਾਲ ਤੇਜ਼ ਗੇਂਦਬਾਜ਼ੀ ਕਰਦਾ ਹੈ। ਪੰਜਾਬ ਨੇ ਉਸ ਨੂੰ ਇਸ ਸੀਜ਼ਨ 'ਚ 4 ਕਰੋੜ ਰੁਪਏ 'ਚ ਖਰੀਦਿਆ। ਇਸ ਤੋਂ ਪਹਿਲਾਂ 3 ਸੀਜ਼ਨ 'ਚ ਉਹਨਾਂ ਨੂੰ 20-20 ਲੱਖ ਰੁਪਏ 'ਚ ਖਰੀਦਿਆ ਗਿਆ ਸੀ।