
ਰੂਸ ਅਤੇ ਯੂਕਰੇਨ ’ਚ ਚਲ ਰਹੀ ਜੰਗ ਕਾਰਨ ਪੋਲੈਂਡ ਅਪਣੇ ਦੇਸ਼ ’ਚ ਰੂਸ ਹਮਾਇਤੀ ਲੋਕਾਂ ਦੇ ਦਾਖ਼ਲੇ ’ਤੇ ਲਾ ਰਿਹੈ ਰੋਕ
ਵਾਰਸਾ (ਪੋਲੈਂਡ): ਪੋਲੈਂਡ ਨੇ ਰੂਸ ਦੀ ਟੈਨਿਸ ਖਿਡਾਰਨ ਵੇਰਾ ਜਵੋਨਾਰੇਵਾ (38) ਨੂੰ ਅਪਣੇ ਦੇਸ਼ ’ਚ ਦਾਖ਼ਲ ਹੋਣ ਤੋਂ ਰੋਕ ਦਿਤਾ ਜਿਸ ਨੇ ਇਥੇ ਡਬਲਿਊ.ਟੀ.ਏ. 250 ਟੂਰਨਾਮੈਂਟ ’ਚ ਹਿੱਸਾ ਲੈਣਾ ਸੀ। ਪੋਲੈਂਡ ਦੇ ਗ੍ਰਹਿ ਮੰਤਰਾਲੇ ਨੇ ਸ਼ੁਕਰਵਾਰ ਨੂੰ ਅਪਣੀ ਵੈੱਬਸਾਈਟ ’ਤੇ ਕਿਹਾ ਕਿ ਵਿਸ਼ਵ ’ਚ ਸਾਬਕਾ ਨੰਬਰ ਦੋ ਖਿਡਾਰੀ ਜਵੋਨਾਰੇਵਾ ਨੂੰ ਬਾਰਡਰ ਗਾਰਡ ਨੇ ਦੇਸ਼ ’ਚ ਦਾਖ਼ਲ ਹੋਣ ਤੋਂ ਰੋਕ ਦਿਤਾ। ਉਹ ਫ਼ਰਾਂਸ ਦੇ ਵੀਜ਼ਾ ’ਤੇ ਬੇਲਗ੍ਰੇਡ ਤੋਂ ਇੱਥੇ ਪੁੱਜੀ ਸੀ।
ਉਹ ਵਾਰਸਾ ਹਵਾਈ ਅੱਡੇ ਦੇ ਟਰਾਂਜ਼ਿਟ ਜ਼ੋਨ ’ਚ ਹੀ ਰਹੀ ਅਤੇ ਉਸ ਨੇ ਸਨਿਚਰਵਾਰ ਨੂੰ ਪੌਡਗੋਰਿਕਾ, ਮੋਂਟੇਨੇਗਰੋ ਲਈ ਉਡਾਨ ਭਰੀ। ਇਸ ਵੇਲੇ ਵਿਸ਼ਵ ਦੀ 60ਵੇਂ ਨੰਬਰ ਦੀ ਖਿਡਾਰੀ ਜਗੋਨਾਰੇਵਾ ਨੇ ਪੀ.ਐਲ.ਬੀ. ਪਰਿਬਾਸ ਵਾਰਸਾ ਓਪਨ ’ਚ ਹਿੱਸਾ ਲੈਣਾ ਸੀ ਜੋ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹੈ। ਉਸ ਦਾ ਨਾਂ ਅਜੇ ਵੀ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ’ਚ ਸ਼ਾਮਲ ਹੈ।
ਵੀਮੈਨਜ਼ ਟੈਨਿਸ ਐਸੋਸੀਏਸ਼ਨ (ਡਬਲਿਊ.ਟੀ.ਏ.) ਨੇ ਕਿਹਾ ਹੈ ਕਿ ਉਹ ਸਥਿਤੀ ਤੋਂ ਜਾਣੂ ਹੈ। ਇਕ ਬਿਆਨ ’ਚ ਉਸ ਨੇ ਕਿਹਾ, ‘‘ਸਾਰੇ ਖਿਡਾਰੀਆਂ ਦੀ ਸੁਰਖਿਆ ਹੀ ਡਬਲਿਊ.ਟੀ.ਏ. ਦੀ ਪਹਿਲ ਹੈ। ਵੇਰਾ ਨੇ ਪੋਲੈਂਡ ਛੱਡ ਦਿਤਾ ਹੈ ਅਤੇ ਅਸੀਂ ਇਸ ਮੁੱਦੇ ’ਤੇ ਆਉਣ ਵਾਲੇ ਸਮੇਂ ’ਚ ਵਿਚਾਰ ਕਰਦੇ ਰਹਾਂਗੇ।’’
ਰੂਸ ਵਲੋਂ 2022 ’ਚ ਯੂਕਰੇਨ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਪੋਲੈਂਡ ਉਸ ਦਾ ਕੱਟੜ ਹਮਾਇਤੀ ਬਣ ਗਿਆ ਹੈ, ਅਤੇ ਉਹ ਰੂਸ ਅਤੇ ਬੇਲਾਰੂਸ ਦੀਆਂ ਕਾਰਵਾਈਆਂ ਦੀ ਹਮਾਇਤ ਕਰਨ ਵਾਲੇ ਲੋਕਾਂ ਨੂੰ ਅਪਣੇ ਦੇਸ਼ ’ਚ ਦਾਖ਼ਲ ਹੋਣ ਤੋਂ ਰੋਕ ਰਿਹਾ ਹੈ।