
ਵੋਕਸ ਦੇ ਯੌਰਕਰ ਨੂੰ ਰਿਵਰਸ ਸਵੀਪ ਕਰਨ ਦੀ ਕਰ ਰਹੇ ਸਨ ਕੋਸ਼ਿਸ਼
ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤਕ ਭਾਰਤ ਨੇ ਚਾਰ ਵਿਕਟਾਂ ਗੁਆ ਕੇ 264 ਦੌੜਾਂ ਬਣਾਈਆਂ
ਮੈਨਚੇਸਟਰ : ਭਾਰਤੀ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕਰਿਸ ਵੋਕਸ ਨੂੰ ਰਿਵਰਸ ਸਵੀਪ ਕਰਨ ਦੀ ਕੋਸ਼ਿਸ਼ ਦੌਰਾਨ ਸੱਜੇ ਪੈਰ ਉਤੇ ਸੱਟ ਲੱਗ ਗਈ। ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਬੁਧਵਾਰ ਨੂੰ ਪੈਰ ’ਚ ਸੋਜ਼ਿਸ਼ ਆਉਣ ਕਾਰਨ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਮੈਦਾਨ ਤੋਂ ਬਾਹਰ ਲਿਜਾਇਆ ਗਿਆ।
ਪੰਤ ਉਸ ਸਮੇਂ 48 ਗੇਂਦਾਂ ਉਤੇ 37 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ। ਵਿਕਟਕੀਪਰ-ਬੱਲੇਬਾਜ਼ ਨੂੰ ਪਹਿਲਾਂ ਮੈਦਾਨ ਉਤੇ ਡਾਕਟਰੀ ਸਹਾਇਤਾ ਦਿਤੀ ਗਈ ਪਰ ਉਨ੍ਹਾਂ ਨੂੰ ਐਂਬੂਲੈਂਸ ਦੇ ਲੇਬਲ ਵਾਲੀ ਗੋਲਫ ਕਾਰਟ ਵਿਚ ਮੈਦਾਨ ਤੋਂ ਬਾਹਰ ਲਿਜਾਇਆ ਗਿਆ।
ਪੰਤ ਦੇ ਸੱਜੇ ਪੈਰ ਤੋਂ ਖੂਨ ਵਗਦਾ ਵੇਖਿਆ ਗਿਆ ਅਤੇ ਪ੍ਰਭਾਵਤ ਖੇਤਰ ਵਿਚ ਕਾਫ਼ੀ ਸੋਜ ਵੀ ਸੀ। ਵੋਕਸ ਦੀ ਪੂਰੀ ਲੰਬਾਈ ਵਾਲੀ ਗੇਂਦ ਪੰਤ ਦੇ ਪੈਰ ਦੇ ਅੰਗੂਠੇ ਉਤੇ ਲੱਗੀ ਅਤੇ ਇੰਗਲੈਂਡ ਦੇ ਖਿਡਾਰੀਆਂ ਨੇ ਇਸ ’ਤੇ ਐਲ.ਬੀ.ਡਬਲਿਊ. ਆਊਟ ਦੀ ਅਪੀਲ ਕੀਤੀ। ਪਰ ਸਮੀਖਿਆ ਉਤੇ ਇਕ ਛੋਟੇ ਜਿਹੇ ਅੰਦਰੂਨੀ ਕਿਨਾਰੇ ਨੇ ਪੰਤ ਨੂੰ ਬਚਾ ਲਿਆ।
ਭਾਰਤ ਨੇ ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤਕ ਚਾਰ ਵਿਕਟਾ ਗੁਆ ਕੇ 264 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਜੈਸਵਾਲ ਨੇ 58 ਅਤੇ ਸਾਈ ਸੁਦਰਸ਼ਨ ਨੇ 61 ਦੌੜਾਂ ਬਣਾਈਆਂ। ਉਨ੍ਹਾਂ ਨੇ ਟੈਸਟ ਕ੍ਰਿਕੇਟ ’ਚ ਅਪਣਾ ਪਹਿਲਾ ਅੱਧਾ ਸੈਂਕੜਾ ਬਣਾਇਆ। ਖੇਡ ਰੁਕਣ ਤਕ ਰਵਿੰਦਰ ਜਡੇਜਾ ਅਤੇ ਸ਼ਾਰਦੁਲ ਠਾਕੁਰ 19-19 ਦੌੜਾਂ ਬਣਾ ਕੇ ਖੇਡ ਰਹੇ ਸਨ।
ਪੰਤ ਦੀ ਇਸ ਸੀਰੀਜ਼ ’ਚ ਇਹ ਦੂਜੀ ਸੱਟ ਸੀ। ਲਾਰਡਜ਼ ’ਚ ਤੀਜੇ ਟੈਸਟ ਦੌਰਾਨ ਕੀਪਿੰਗ ਦੌਰਾਨ ਉਨ੍ਹਾਂ ਦੀ ਉਂਗਲ ’ਚ ਵੀ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਇੰਗਲੈਂਡ ਦੀ ਦੂਜੀ ਪਾਰੀ ’ਚ ਵਿਕੇਟ ਕੀਪਿੰਗ ਨਹੀਂ ਕਰ ਸਕੇ ਸਨ। ਧਰੁਵ ਜੁਰੇਲ ਉਨ੍ਹਾਂ ਦੀ ਥਾਂ ਆਏ ਸਨ।