
ਸ਼ਿਕਾਇਤਕਰਤਾਵਾਂ ਨੇ HCA ਦੇ ਧੋਖਾਧੜੀ, ਕਾਲਾਬਾਜ਼ਾਰੀ ਅਤੇ ਲਾਪਰਵਾਹੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ
ਹੈਦਰਾਬਾਦ: ਪੁਲਿਸ ਨੇ ਵੀਰਵਾਰ ਨੂੰ ਹੈਦਰਾਬਾਦ ਕ੍ਰਿਕੇਟ ਸੰਘ (HCA) ਦੇ ਪ੍ਰਧਾਨ ਮੁਹੰਮਦ ਅਜ਼ਹਰੂਦੀਨ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਮੈਚ ਲਈ ਜਿਮਖਾਨਾ ਮੈਦਾਨ 'ਤੇ ਟਿਕਟਾਂ ਦੀ ਵਿਕਰੀ ਨੂੰ ਲੈ ਕੇ ਹੋਈ ਹਫੜਾ-ਦਫੜੀ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ। ਭਗਦੜ ਵਰਗੀ ਸਥਿਤੀ ਵਿਚ ਕਈ ਲੋਕ ਜ਼ਖਮੀ ਹੋ ਗਏ ਅਤੇ ਕਈਆਂ ਨੂੰ ਹਸਪਤਾਲ ਲਿਜਾਣਾ ਪਿਆ। ਟਿਕਟਾਂ ਦੀ ਵਿਕਰੀ ਦੌਰਾਨ ਐਚਸੀਏ ਦੀ ਕਥਿਤ ਲਾਪ੍ਰਵਾਹੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਹੈਦਰਾਬਾਦ ਪੁਲਿਸ ਨੇ ਜਿਮਖਾਨਾ ਮੈਦਾਨ ਵਿਚ ਭਗਦੜ ਵਰਗੀ ਸਥਿਤੀ ਪੈਦਾ ਕਰਨ ਦੇ ਬਾਅਦ ਤਿੰਨ ਕੇਸ ਦਰਜ ਕੀਤੇ ਹਨ।
ਡੀਸੀਪੀ ਨੇ ਦੱਸਿਆ ਕਿ ਜ਼ਖਮੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਪੁਲਿਸ ਨੇ ਕ੍ਰਿਕਟ ਐਸੋਸੀਏਸ਼ਨ ਦੇ ਖਿਲਾਫ਼ ਧਾਰਾ 420 (ਧੋਖਾਧੜੀ) ਅਤੇ 337 (ਕਿਸੇ ਵੀ ਵਿਅਕਤੀ ਨੂੰ ਇੰਨੀ ਕਾਹਲੀ ਜਾਂ ਲਾਪਰਵਾਹੀ ਨਾਲ ਕੋਈ ਵੀ ਕੰਮ ਕਰ ਕੇ ਨੁਕਸਾਨ ਪਹੁੰਚਾਉਣਾ ਜਿਸ ਨਾਲ ਮਨੁੱਖੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰਾ ਹੋਵੇ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾਵਾਂ ਨੇ HCA ਦੇ ਧੋਖਾਧੜੀ, ਕਾਲਾਬਾਜ਼ਾਰੀ ਅਤੇ ਲਾਪਰਵਾਹੀ, ਅਤੇ ਕੁਪ੍ਰਬੰਧਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਐਸੋਸੀਏਸ਼ਨ ਨੇ ਭਾਰਤ ਬਨਾਮ ਆਸਟਰੇਲੀਆ ਵਿਚਾਲੇ ਹੋਣ ਵਾਲੇ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਲਈ ਆਫਲਾਈਨ ਟਿਕਟਾਂ ਦੀ ਵਿਕਰੀ ਦਾ ਐਲਾਨ ਕੀਤਾ ਸੀ। ਉੱਪਲ ਦੇ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ 25 ਸਤੰਬਰ ਨੂੰ ਹੋਈ ਭਗਦੜ 'ਚ 20 ਤੋਂ ਜ਼ਿਆਦਾ ਕ੍ਰਿਕਟ ਪ੍ਰੇਮੀ ਜ਼ਖ਼ਮੀ ਹੋ ਗਏ ਅਤੇ ਦੋ ਪੁਲਿਸ ਕਰਮਚਾਰੀਆਂ ਸਮੇਤ 7 ਲੋਕਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਟਿਕਟਾਂ ਦੀ ਵਿਕਰੀ ਸ਼ੁਰੂ ਹੋਣ ਲਈ ਜਿਮਖਾਨਾ ਮੈਦਾਨ ਦੇ ਗੇਟ ਦੇ ਬਾਹਰ 10,000 ਤੋਂ ਵੱਧ ਲੋਕ ਇਕੱਠੇ ਹੋਏ ਸਨ ਅਤੇ ਪੁਲਿਸ ਅਨੁਸਾਰ ਐਚਸੀਏ ਦੇ ਮਾੜੇ ਪ੍ਰਬੰਧਾਂ ਅਤੇ ਅਚਾਨਕ ਪਏ ਮੀਂਹ ਕਾਰਨ ਇਹ ਘਟਨਾ ਵਾਪਰੀ।
ਇਸ ਦੌਰਾਨ, ਐਚਸੀਏ ਨੇ ਵੀਰਵਾਰ ਦੇਰ ਰਾਤ ਇੱਕ ਬਿਆਨ ਵਿੱਚ ਦੱਸਿਆ ਕਿ ਐਤਵਾਰ ਦੇ ਮੈਚ ਦੀਆਂ ਟਿਕਟਾਂ ਵਿਕ ਗਈਆਂ ਹਨ। ਇਸ ਵਿੱਚ ਕਿਹਾ ਗਿਆ ਹੈ: “ਤੁਸੀਂ 23 ਤੋਂ 25 ਸਤੰਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜਿਮਖਾਨਾ ਮੈਦਾਨ ਤੋਂ ਆਪਣੀਆਂ ਟਿਕਟਾਂ ਪ੍ਰਾਪਤ ਕਰ ਸਕਦੇ ਹੋ।”
ਕ੍ਰਿਕਟ ਮੈਚ ਤੋਂ ਪਹਿਲਾਂ ਕੁਪ੍ਰਬੰਧਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਐਚਸੀਏ ਦੇ ਪ੍ਰਧਾਨ ਮੁਹੰਮਦ ਅਜ਼ਹਰੂਦੀਨ ਨੇ ਵੀਰਵਾਰ ਸ਼ਾਮ ਨੂੰ ਮੀਡੀਆ ਨੂੰ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਸਾਰੇ ਵੇਰਵੇ ਸਾਂਝੇ ਕਰਨਗੇ। ਜਿਮਖਾਨਾ ਮੈਦਾਨ ਵਿਚ ਹਫੜਾ-ਦਫੜੀ ਅਤੇ ਭਗਦੜ ਦੇ ਮੱਦੇਨਜ਼ਰ ਅਜ਼ਹਰੂਦੀਨ ਨੇ ਤੇਲੰਗਾਨਾ ਦੇ ਖੇਡ ਮੰਤਰੀ ਵੀ ਸ਼੍ਰੀਨਿਵਾਸ ਗੌੜ ਨਾਲ ਮੁਲਾਕਾਤ ਕੀਤੀ ਸੀ। ਮੰਤਰੀ ਨੇ HCA ਤੋਂ ਰਿਪੋਰਟ ਮੰਗੀ ਹੈ ਅਤੇ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ।