
ਭਾਰਤ ਨੇ ਜਪਾਨ ਨੂੰ 3-1 ਦੇ ਵੱਡੇ ਫ਼ਰਕ ਨਾਲ ਹਰਾਇਆ
ਐਫਆਈਐਚ ਸੀਰੀਜ਼ ਵਿਚ ਡ੍ਰੈਗ ਫ਼ਲਿਕਰ ਗੁਰਜੀਤ ਕੌਰ ਵੱਲੋਂ ਪੈਨਲਟੀ ਕਾਰਨਰ 'ਤੇ ਦਾਗ਼ੇ ਗਏ ਦੋ ਸ਼ਾਨਦਾਰ ਗੋਲਾਂ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ਅਤੇ ਭਾਰਤ ਦੀ ਝੋਲੀ ਗੋਲਡ ਮੈਡਲ ਪਵਾਇਆ। ਇੰਝ ਭਾਰਤੀ ਮੁਟਿਆਰਾਂ ਨੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਮੰਨੇ ਜਾਂਦੇ ਜਪਾਨ ਨੂੰ 3-1 ਕਰਾਰੀ ਮਾਤ ਦੇ ਕੇ ਪਿਛਲੇ ਸਾਲ ਜਪਾਨ ਹੱਥੋਂ ਹੋਈ ਅਪਣੀ ਹਾਰ ਦਾ ਬਦਲਾ ਲੈ ਲਿਆ।
Hockey Team
ਮਹਿਲਾ ਹਾਕੀ ਟੀਮ ਨੇ ਐਫਆਈਐਚ ਸੀਰੀਜ਼ ਫ਼ਾਈਨਲਜ਼ ਦਾ ਸੋਨ ਤਮਗ਼ਾ ਅਪਣੇ ਨਾਮ ਕਰ ਲਿਆ। ਉਂਝ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਦੇ ਫ਼ਾਈਨਲ ਵਿਚ ਪੁੱਜਣ ਦੇ ਨਾਲ ਹੀ ਇਸ ਸਾਲ ਦੇ ਅੰਤ ਵਿਚ ਹੋਣ ਵਾਲੇ ਉਲੰਪਿਕ ਕੁਆਲੀਫ਼ਾਇਰ ਟੂਰਨਾਮੈਂਟ ਦਾ ਟਿਕਟ ਹਾਸਲ ਕਰ ਲਿਆ ਸੀ ਪਰ ਹੁਣ ਉਸ ਨੇ ਫ਼ਾਈਨਲ ਵਿਚ ਜਾਪਾਨ ਨੂੰ ਹਰਾ ਕੇ ਓਲੰਪਿਕ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਜਗਾ ਦਿੱਤੀ ਹੈ। ਇਸ ਮੈਚ ਦੌਰਾਨ ਭਾਰਤੀ ਟੀਮ ਵੱਲੋਂ ਕਪਤਾਨ ਰਾਣੀ ਨੇ ਇੱਕ ਤੇ ਗੁਰਜੀਤ ਕੌਰ ਨੇ ਦੋ ਗੋਲ਼ ਦਾਗ਼ੇ।
Gurjeet Kaur
ਮੈਚ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਖਿਡਾਰਨਾਂ ਨੇ ਬੱਸ ਵਿਚ ਨੱਚ ਕੁੱਦ ਕੇ ਜਿੱਤ ਦੀ ਖ਼ੁਸ਼ੀ ਮਨਾਈ, ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਨੂੰ 2020 ਦੀ ਟੋਕੀਓ ਉਲੰਪਿਕ ਟੀਮ ਦੇ ਮੇਜ਼ਬਾਨ ਜਾਪਾਨ ਤੋਂ ਏਸ਼ੀਆਈ ਖੇਡਾਂ ਦੇ ਫ਼ਾਈਨਲ ਵਿਚ 1–2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਭਾਰਤ ਨੇ ਜਾਪਾਨ ਦੇ ਹੱਥੋਂ ਸੋਨ ਤਮਗਾ ਜਿੱਤਣ ਦਾ ਮੌਕਾ ਖੋਹ ਲਿਆ ਹੈ।