
‘ਅਮਰ ਅਕਬਰ ਐਂਥਨੀ’, ‘ਨਸੀਬ‘, ‘ਕੁਲੀ’, ‘ਮਰਦ’, ‘ਰੋਟੀ’ ਸਮੇਤ 100 ਤੋਂ ਵੱਧ ਫ਼ਿਲਮਾਂ ਦੀ ਕਹਾਣੀ ਲਿਖੀ ਸੀ ਪਰਿਆਗ ਰਾਜ ਨੇ
ਮੁੰਬਈ: ‘ਅਮਰ ਅਕਬਰ ਐਂਥਨੀ’, ‘ਨਸੀਬ’ ਅਤੇ ‘ਕੁਲੀ’ ਵਰਗੀਆਂ ਫ਼ਿਲਮਾਂ ਦੇ ਕਹਾਣੀ ਲੇਖਕ ਪਰਿਆਗ ਰਾਜ ਦੀ ਉਮਰ ਸਬੰਧੀ ਸਮੱਸਿਆਵਾਂ ਕਾਰਨ ਮੌਤ ਹੋ ਗਈ ਹੈ। ਉਹ 88 ਸਾਲਾਂ ਦੇ ਸਨ। ਉਨ੍ਹਾਂ ਦੇ ਪੁੱਤਰ ਆਦਿਤਿਆ ਮੁਤਾਬਕ, ਲੇਖਕ ਦੀ ਸਨਿਚਰਵਾਰ ਸ਼ਾਮ ਉਨ੍ਹਾਂ ਦੇ ਬਾਂਦਰਾ ਸਥਿਤ ਘਰ ’ਚ ਮੌਤ ਹੋ ਗਈ। ਆਦਿਤਿਆ ਨੇ ਕਿਹਾ, ‘‘ਉਨ੍ਹਾਂ ਦੀ ਬਾਂਦਰਾ ਸਥਿਤ ਉਨ੍ਹਾਂ ਦੇ ਘਰ ਸਨਿਚਰਵਾਰ ਸ਼ਾਮ 4:00 ਵਜੇ ਮੌਤ ਹੋ ਗਈ। ਉਨ੍ਹਾਂ ਨੂੰ ਪਿਛਲੇ ਅੱਠ-ਦਸ ਸਾਲਾਂ ਤੋਂ ਕਈ ਬਿਮਾਰੀਆਂ ਸਨ।’’
ਪਰਿਆਗਰਾਜ ਨੇ ਸੂਪਰਸਟਾਰ ਅਮਿਤਾਬ ਬੱਚਨ ਦੀ ਅਦਾਕਾਰੀ ਵਾਲੀਆਂ ‘ਨਸੀਬ’, ‘ਕੁਲੀ’ ਅਤੇ ‘ਮਰਦ’ ਦੀ ਕਹਾਣੀ ਲਿਖੀ ਸੀ। ਉਨ੍ਹਾਂ ਨੇ ਲੇਖਕ ਦੇ ਤੌਰ ’ਤੇ 100 ਤੋਂ ਵੱਧ ਫ਼ਿਲਮਾਂ ਦੀ ਕਹਾਣੀ ਲਿਖੀ, ਕੁਝ ਫ਼ਿਲਮਾਂ ਲਈ ਗੀਤ ਵੀ ਲਿਖੇ।
ਉਨ੍ਹਾਂ ਨੇ ਰਾਜੇਸ਼ ਖੰਨਾ ਦੀ ‘ਰੋਟੀ’, ਧਰਮਿੰਦਰ-ਜਤਿੰਦਰ ਦੀ ‘ਧਰਮਵੀਰ’ ਅਤੇ ‘ਅਮਰ ਅਕਬਰ ਐਂਥਨੀ’ ਦੀ ਕਹਾਣੀ ’ਚ ਯੋਗਦਾਨ ਦੇਣ ਤੋਂ ਇਲਾਵਾ, ਅਮਿਤਾਬ ਬੱਚਨ, ਰਜਨੀਕਾਂਤ ਅਤੇ ਕਮਲ ਹਾਸਨ ਦੀ ਅਦਾਕਾਰੀ ਵਾਲੀ ਫ਼ਿਲਮ ‘ਗ੍ਰਿਫ਼ਤਾਰ’ ਦੀ ਕਹਾਣੀ ਵੀ ਲਿਖੀ ਸੀ। ਲੇਖਕ ਵਜੋਂ ਉਨ੍ਹਾਂ ਦੀ ਆਖ਼ਰੀ ਫ਼ਿਲਮ ‘ਜ਼ਮਾਨਤ’ ਸੀ। ਜਿਸ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਇਸ ਫ਼ਿਲਮ ਨੂੰ ਐੱਸ. ਰਾਮਾਨਾਥਨ ਨੇ ਡਾਇਰੈਕਟ ਕੀਤਾ ਸੀ।
ਪਰਿਆਗਰਾਜ ਦਾ ਸਸਕਾਰ ਐਤਵਾਰ ਸਵੇਰੇ ਦਾਦਰ ਦੇ ਸ਼ਿਵਾਜੀ ਪਾਰਕ ਸਥਿਤ ਸ਼ਮਸ਼ਾਨ ਘਾਟ ’ਤੇ ਕੀਤਾ ਗਿਆ। ਇਸ ’ਚ ਉਨ੍ਹਾਂ ਦੇ ਪ੍ਰਵਾਰ ਅਤੇ ਫ਼ਿਲਮ ਜਗਤ ਦੇ ਲੋਕ ਸ਼ਾਮਲ ਸਨ। ਅਮਿਤਾਬ ਬੱਚਨ ਨੇ ਅਪਣੇ ਨਿਜੀ ਬਲਾਗ ’ਤੇ ਪਰਿਆਗਰਾਜ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, ‘‘ਕਲ ਸ਼ਾਮ ਅਸੀਂ ਫ਼ਿਲਮ ਜਗਤ ਦੇ ਇਕ ਹੋਰ ਮਹਾਨ ਸਤੰਭ ਨੂੰ ਗੁਆ ਦਿਤਾ।’’ ਸ਼ਬਾਨ ਆਜ਼ਮੀ ਨੇ ਕਿਹਾ, ‘‘ਲੇਖਕ, ਡਾਇਰੈਕਟਰ ਅਤੇ ਅਦਾਕਾਰ ਪਰਿਆਗਰਾਜ ਦੀ ਮੌਤ ਦੀ ਖ਼ਬਰ ਸੁਣ ਕੇ ਦੁਖ ਹੋਇਆ।’’