
ਭਾਰਤ ਦੇ ਤਿੰਨੇ ਪੁਰਸ਼ ਮੁੱਕੇਬਾਜ਼ ਇਸ ਤਰ੍ਹਾਂ ਸੈਮੀਫਾਈਨਲ 'ਚ ਜਿੱਤ ਦਰਜ ਕਰਨ 'ਚ ਸਫਲ ਰਹੇ।
ਨਵੀਂ ਦਿੱਲੀ: ਸਪੇਨ ਦੇ ਲਾ ਨੁਸੀਆ ਵਿਚ ਚੱਲ ਰਹੀ ਯੁਵਾ ਪੁਰਸ਼ ਅਤੇ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤੀ ਮੁੱਕੇਬਾਜ਼ਾਂ ਦਾ ਦਬਦਬਾ ਜਾਰੀ ਰਿਹਾ ਅਤੇ ਸੱਤ ਮੁੱਕੇਬਾਜ਼ਾਂ ਨੇ ਫਾਈਨਲ ਵਿਚ ਥਾਂ ਬਣਾਈ। ਯੁਵਾ ਏਸ਼ਿਆਈ ਚੈਂਪੀਅਨ ਵੰਸ਼ਜ ਅਤੇ ਵਿਸ਼ਵਨਾਥ ਸੁਰੇਸ਼ ਨੇ ਆਸ਼ੀਸ਼ ਨਾਲ ਮਿਲ ਕੇ ਖ਼ਿਤਾਬੀ ਮੁਕਾਬਲੇ ਵਿਚ ਥਾਂ ਬਣਾਈ। ਭਾਰਤ ਦੇ ਤਿੰਨੇ ਪੁਰਸ਼ ਮੁੱਕੇਬਾਜ਼ ਇਸ ਤਰ੍ਹਾਂ ਸੈਮੀਫਾਈਨਲ 'ਚ ਜਿੱਤ ਦਰਜ ਕਰਨ 'ਚ ਸਫਲ ਰਹੇ। ਮਹਿਲਾ ਵਰਗ ਵਿਚ ਕੀਰਤੀ (+81 ਕਿਲੋ), ਭਾਵਨਾ ਸ਼ਰਮਾ (48 ਕਿਲੋ), ਦੇਵਿਕਾ ਘੋਰਪੜੇ (52 ਕਿਲੋ) ਅਤੇ ਰਵੀਨਾ (63 ਕਿਲੋ) ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਵਿਸ਼ਵਨਾਥ ਨੇ ਪੋਰਟੋ ਰੀਕੋ ਦੇ ਜੁਆਨਮਾ ਲੋਪੇਜ਼ ਨੂੰ 4-1 ਨਾਲ ਹਰਾਇਆ ਜਦਕਿ ਵੰਸ਼ਜ (63.5 ਕਿਲੋਗ੍ਰਾਮ) ਅਤੇ ਆਸ਼ੀਸ਼ (54 ਕਿਲੋਗ੍ਰਾਮ) ਨੇ ਰੋਮਾਂਚਕ ਸੈਮੀਫਾਈਨਲ ਮੁਕਾਬਲੇ ਵਿਚ ਅਮਰੀਕਾ ਦੇ ਦਿਸ਼ੋਨ ਕ੍ਰੋਕਲਮ ਅਤੇ ਉਜ਼ਬੇਕਿਸਤਾਨ ਦੇ ਖੁਜ਼ਨਜ਼ਾਰ ਨੋਰਤੋਜ਼ੀਵ ਨੂੰ ਕ੍ਰਮਵਾਰ 3-2 ਅਤੇ 4-3 ਨਾਲ ਹਰਾਇਆ। ਦੂਜੇ ਪਾਸੇ ਕੀਰਤੀ ਨੂੰ ਛੱਡ ਕੇ ਹੋਰ ਮਹਿਲਾ ਮੁੱਕੇਬਾਜ਼ਾਂ ਨੇ ਆਸਾਨ ਜਿੱਤ ਦਰਜ ਕੀਤੀ। ਕੀਰਤੀ ਨੇ ਕਜ਼ਾਕਿਸਤਾਨ ਦੇ ਅਸੇਲ ਤੋਕਤਾਸੀਨ ਨੂੰ 3-2 ਨਾਲ ਹਰਾਇਆ।
ਰਵੀਨਾ ਅਤੇ ਭਾਵਨਾ ਨੇ ਕਜ਼ਾਕਿਸਤਾਨ ਦੀ ਆਪਣੇ ਵਿਰੋਧੀ ਅਸੇਮ ਤਨਾਤਾਰ ਅਤੇ ਗੁਲਨਾਜ਼ ਬੁਰੀਬਾਏਵਾ ਨੂੰ ਹਰਾਇਆ। ਦੇਵਿਕਾ ਨੇ ਅਮਰੀਕਾ ਦੀ ਅਮੇਦਾ ਨੂੰ 4-1 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ। ਚਾਰ ਭਾਰਤੀ ਮਹਿਲਾ ਮੁੱਕੇਬਾਜ਼ਾਂ ਤਮੰਨਾ (50 ਕਿਲੋਗ੍ਰਾਮ), ਕੁੰਜਰਾਨੀ ਦੇਵੀ ਥੋਂਗਮ (60 ਕਿਲੋਗ੍ਰਾਮ), ਮੁਸਕਾਨ (75 ਕਿਲੋਗ੍ਰਾਮ) ਅਤੇ ਲਸ਼ੂ ਯਾਦਵ (70 ਕਿਲੋਗ੍ਰਾਮ) ਨੂੰ ਹਾਲਾਂਕਿ ਸੈਮੀਫਾਈਨਲ 'ਚ ਹਾਰ ਕੇ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
ਇਸ ਵੱਕਾਰੀ ਟੂਰਨਾਮੈਂਟ ਵਿਚ ਭਾਰਤੀ ਮੁੱਕੇਬਾਜ਼ਾਂ ਦਾ ਦਬਦਬਾ ਰਿਹਾ, ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੇ 17 ਵਿਚੋਂ 11 ਮੁੱਕੇਬਾਜ਼ਾਂ ਨੇ ਇਕ ਤਗ਼ਮਾ ਪੱਕਾ ਕੀਤਾ, ਜੋ ਮੌਜੂਦਾ ਟੂਰਨਾਮੈਂਟ ਵਿਚ ਕਿਸੇ ਵੀ ਦੇਸ਼ ਵੱਲੋਂ ਸਭ ਤੋਂ ਵੱਧ ਤਗ਼ਮੇ ਹੋਣਗੇ। ਟੂਰਨਾਮੈਂਟ ਵਿਚ 73 ਦੇਸ਼ਾਂ ਦੇ ਲਗਭਗ 600 ਮੁੱਕੇਬਾਜ਼ ਹਿੱਸਾ ਲੈ ਰਹੇ ਹਨ।