
ਰਿਹਾਇਸ਼ ਦਾ ਪ੍ਰਗਟਾਵਾ ਨਾ ਕਰਨ ’ਤੇ ਜਾਰੀ ਕੀਤਾ ਨੋਟਿਸ
ਨਵੀਂ ਦਿੱਲੀ : ਕੌਮੀ ਡੋਪਿੰਗ ਰੋਕੂ ਏਜੰਸੀ (NADA) ਨੇ ਬੁਧਵਾਰ ਨੂੰ ਭਲਵਾਨ ਵਿਨੇਸ਼ ਫੋਗਾਟ ਨੂੰ ਅਪਣੀ ਰਿਹਾਇਸ਼ ਦਾ ਪ੍ਰਗਟਾਵਾ ਕਰਨ ’ਚ ਅਸਫਲ ਰਹਿਣ ’ਤੇ ਨੋਟਿਸ ਜਾਰੀ ਕੀਤਾ ਅਤੇ 14 ਦਿਨਾਂ ਦੇ ਅੰਦਰ ਜਵਾਬ ਮੰਗਿਆ। NADA ਦੇ ਰਜਿਸਟਰਡ ਟੈਸਟਿੰਗ ਪੂਲ (RTP) ਨਾਲ ਰਜਿਸਟਰਡ ਸਾਰੇ ਐਥਲੀਟਾਂ ਨੂੰ ਡੋਪ ਟੈਸਟ ਲਈ ਅਪਣੀ ਉਪਲਬਧਤਾ ਬਾਰੇ ਸੂਚਿਤ ਕਰਨਾ ਜ਼ਰੂਰੀ ਸੀ ਅਤੇ ਵਿਨੇਸ਼ ਉਨ੍ਹਾਂ ਵਿਚੋਂ ਇਕ ਹਨ।
ਜੇ ਖਿਡਾਰੀ ਵਲੋਂ ਦਸਿਆ ਗਿਆ ਸਥਾਨ ਉਸ ਸਥਾਨ ’ਤੇ ਉਪਲਬਧ ਨਹੀਂ ਹੈ, ਤਾਂ ਇਸ ਨੂੰ ਟਿਕਾਣਾ ਪ੍ਰਦਾਨ ਕਰਨ ’ਚ ਅਸਫਲਤਾ ਮੰਨਿਆ ਜਾਂਦਾ ਹੈ।
NADA ਨੇ ਅਪਣੇ ਨੋਟਿਸ ’ਚ ਭਲਵਾਨ ਤੋਂ ਸਿਆਸਤਦਾਨ ਬਣੀ ਵਿਨੇਸ਼ ਨੂੰ ਕਿਹਾ ਕਿ ਉਸ ਨੇ ਅਪਣੇ ਨਿਵਾਸ ਸਥਾਨ ਦਾ ਪ੍ਰਗਟਾਵਾ ਨਾ ਕਰ ਕੇ ਗਲਤੀ ਕੀਤੀ ਹੈ ਕਿਉਂਕਿ ਉਹ 9 ਸਤੰਬਰ ਨੂੰ ਸੋਨੀਪਤ ਦੇ ਖਰਖੋਦਾ ਪਿੰਡ ’ਚ ਅਪਣੇ ਘਰ ਡੋਪ ਟੈਸਟ ਲਈ ਉਪਲਬਧ ਨਹੀਂ ਸੀ।
ਵਿਨੇਸ਼ ਨੇ ਪੈਰਿਸ ਓਲੰਪਿਕ ਦੇ ਫਾਈਨਲ ’ਚ ਜਗ੍ਹਾ ਬਣਾਉਣ ਦੇ ਬਾਵਜੂਦ ਜ਼ਿਆਦਾ ਭਾਰ ਹੋਣ ਕਾਰਨ ਮੈਡਲ ਨਾ ਮਿਲਣ ਤੋਂ ਨਿਰਾਸ਼ ਹੋ ਕੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਵਿਨੇਸ਼ ਅਤੇ ਭਲਵਾਨ ਬਜਰੰਗ ਪੂਨੀਆ ਹਾਲ ਹੀ ’ਚ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਹਨ ਅਤੇ ਜੁਲਾਨਾ ਹਲਕੇ ਤੋਂ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਉਹ ਇਨ੍ਹੀਂ ਦਿਨੀਂ ਜੁਲਾਨਾ ਹਲਕੇ ’ਚ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ।
NADA ਦੇ ਨੋਟਿਸ ’ਚ ਕਿਹਾ ਗਿਆ ਹੈ, ‘‘ਤੁਹਾਨੂੰ ਇਕ ਰਸਮੀ ਨੋਟਿਸ ਦਿਤਾ ਜਾਂਦਾ ਹੈ, ਜਿਸ ’ਚ ਤੁਹਾਨੂੰ ਡੋਪਿੰਗ ਰੋਕੂ ਨਿਯਮਾਂ ਦੀ ਜਾਣਕਾਰੀ ਦੀਆਂ ਜ਼ਰੂਰਤਾਂ ਦੀ ਪਾਲਣਾ ਕਰਨ ’ਚ ਅਸਫਲ ਰਹਿਣ ਬਾਰੇ ਸੂਚਿਤ ਕੀਤਾ ਜਾਂਦਾ ਹੈ। ਇਸ ਮਾਮਲੇ ’ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਇਸ ਮਾਮਲੇ ’ਤੇ ਸਪਸ਼ਟੀਕਰਨ ਦੇਣ ਲਈ ਕਿਹਾ ਜਾਂਦਾ ਹੈ।’’
ਉਨ੍ਹਾਂ ਕਿਹਾ, ‘‘ਉਸ ਦਿਨ ਤੁਹਾਡੀ ਜਾਂਚ ਲਈ ਇਕ ਡੋਪ ਕੰਟਰੋਲ ਅਫਸਰ (DCO) ਨੂੰ ਸਾਈਟ ’ਤੇ ਭੇਜਿਆ ਗਿਆ ਸੀ ਪਰ ਉਹ ਅਜਿਹਾ ਕਰਨ ’ਚ ਅਸਮਰੱਥ ਸੀ ਕਿਉਂਕਿ ਤੁਸੀਂ ਉਸ ਜਗ੍ਹਾ ’ਤੇ ਮੌਜੂਦ ਨਹੀਂ ਸੀ।’’ ਵਿਨੇਸ਼ ਨੂੰ ਜਾਂ ਤਾਂ ਉਲੰਘਣਾ ਮਨਜ਼ੂਰ ਕਰਨੀ ਪਵੇਗੀ ਜਾਂ ਸਬੂਤ ਦੇਣਾ ਪਵੇਗਾ ਕਿ ਉਹ ਲਗਭਗ 60 ਮਿੰਟਾਂ ਲਈ ਮੌਕੇ ’ਤੇ ਮੌਜੂਦ ਸਨ।
ਹਾਲਾਂਕਿ, ਇੱਥੇ ਇਹ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਠਹਿਰਨ ਦੀ ਥਾਂ ਸਬੰਧਤ ਅਸਫਲਤਾ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਨਹੀਂ ਹੈ। ਜੇ ਕੋਈ ਖਿਡਾਰੀ 12 ਮਹੀਨਿਆਂ ’ਚ ਤਿੰਨ ਵਾਰ ਥਾਂ ਦੀ ਜਾਣਕਾਰੀ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਹੀ NADA ਕਿਸੇ ਅਥਲੀਟ ’ਤੇ ਦੋਸ਼ ਲਗਾ ਸਦਾ ਹੈ।