ਭਾਰਤ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਮਲੇਸ਼ੀਆ ਨਾਲ ਹੋਵੇਗਾ
ਮਲੇਸ਼ੀਆ: ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿੱਚ ਬੈਲਜੀਅਮ ਨੇ ਭਾਰਤ ਨੂੰ 2-3 ਨਾਲ ਹਰਾ ਦਿੱਤਾ। ਭਾਰਤ ਨੇ ਮੰਗਲਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਅਭਿਸ਼ੇਕ (33ਵੇਂ ਮਿੰਟ) ਅਤੇ ਸ਼ਿਲਾਨੰਦ ਲਾਕੜਾ (57ਵੇਂ) ਨੇ ਗੋਲ ਕੀਤੇ, ਜਦੋਂ ਕਿ ਬੈਲਜੀਅਮ ਲਈ ਰੋਮਨ ਡੁਵੇਕੋਟ (17ਵੇਂ ਅਤੇ 46ਵੇਂ) ਅਤੇ ਨਿਕੋਲਸ ਡੀ ਕੇਰਪੇਲ (45ਵੇਂ) ਨੇ ਗੋਲ ਕੀਤੇ।
ਡਿਫੈਂਡਰ ਸੰਜੇ ਦੀ ਅਗਵਾਈ ਵਿੱਚ ਭਾਰਤ ਨੇ ਐਤਵਾਰ ਨੂੰ 6 ਟੀਮਾਂ ਦੇ ਇਸ ਮੁਕਾਬਲੇ ਵਿੱਚ ਤਿੰਨ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਦੇ ਖ਼ਿਲਾਫ਼ ਆਪਣਾ ਪਹਿਲਾ ਮੈਚ 1-0 ਨਾਲ ਜਿੱਤਿਆ ਸੀ।
ਬੈਲਜੀਅਮ ਨੂੰ ਮੈਚ ਸ਼ੁਰੂ ਹੋਣ ਦੇ 10 ਮਿੰਟ ਬਾਅਦ ਪਹਿਲਾ ਪੈਨਲਟੀ ਕਾਰਨਰ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਜਲਦੀ ਹੀ ਦੂਜਾ ਪੈਨਲਟੀ ਕਾਰਨਰ ਵੀ ਹਾਸਲ ਕਰ ਲਿਆ। ਪਰ ਦੋਵਾਂ ਮੌਕਿਆਂ 'ਤੇ ਭਾਰਤੀ ਰੱਖਿਆ ਪੰਕਤੀ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਪਹਿਲੇ ਕੁਆਰਟਰ ਦੇ ਅੰਤ ਤੱਕ ਉਹ ਬਰਾਬਰੀ 'ਤੇ ਰਹਿਣ।
ਜਦੋਂ ਮੈਚ ਖਤਮ ਹੋਣ ਵਿੱਚ ਸਿਰਫ਼ ਤਿੰਨ ਮਿੰਟ ਦਾ ਸਮਾਂ ਬਚਿਆ ਸੀ, ਉਦੋਂ ਸ਼ਿਲਾਨੰਦ ਲਾਕੜਾ (57ਵੇਂ ਮਿੰਟ) ਨੇ ਰਵੀਚੰਦਰ ਸਿੰਘ ਦੇ ਸ਼ਾਨਦਾਰ ਕ੍ਰਾਸ 'ਤੇ ਗੋਲ ਕਰਕੇ ਭਾਰਤ ਨੂੰ ਉਮੀਦ ਦੀ ਕਿਰਨ ਦਿਖਾਈ ਪਰ ਉਹ ਬਰਾਬਰੀ ਦਾ ਗੋਲ ਨਹੀਂ ਕਰ ਸਕਿਆ। ਭਾਰਤ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਮਲੇਸ਼ੀਆ ਨਾਲ ਹੋਵੇਗਾ।
