
ਪਹਿਲਗਾਮ ਹਮਲੇ ’ਤੇ ਸੋਗ ਪ੍ਰਗਟਾਉਣ ਲਈ ਟੀਮ ਨੇ ਮੈਚ ਦੌਰਾਨ ਬਾਂਹ ’ਤੇ ਕਾਲੀ ਪੱਟੀਆਂ ਬੰਨ੍ਹੀਆਂ
ਪਰਥ : ਭਾਰਤੀ ਮਹਿਲਾ ਹਾਕੀ ਟੀਮ ਨੂੰ ਆਸਟਰੇਲੀਆ-ਏ ਵਿਰੁਧ ਅਪਣੇ ਪਹਿਲੇ ਮੈਚ ’ਚ 3-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਰਥ ਹਾਕੀ ਸਟੇਡੀਅਮ ’ਚ ਆਸਟਰੇਲੀਆ-ਏ ਵਿਰੁਧ ਮਹਿਮਾ ਟੇਟੇ (27ਵੇਂ ਮਿੰਟ), ਨਵਨੀਤ ਕੌਰ (45ਵੇਂ ਮਿੰਟ) ਅਤੇ ਲਾਲਰੇਮਸਿਆਮੀ (50ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਆਸਟਰੇਲੀਆ-ਏ ਲਈ ਨੀਸਾ ਫਲਿਨ (ਤੀਜਾ), ਓਲੀਵੀਆ ਡਾਊਨਸ (9ਵਾਂ), ਰੂਬੀ ਹੈਰਿਸ (11ਵੇਂ ਮਿੰਟ), ਟਾਟਮ ਸਟੀਵਰਟ (21ਵੇਂ ਮਿੰਟ) ਅਤੇ ਕੇਂਦਰਾ ਫਿਟਜ਼ਪੈਟ੍ਰਿਕ (44ਵੇਂ ਮਿੰਟ) ਨੇ ਗੋਲ ਕੀਤੇ।
ਮੈਚ ਦੀ ਸ਼ੁਰੂਆਤ ਤੇਜ਼ ਰਫਤਾਰ ਨਾਲ ਹੋਈ, ਜਿਸ ਵਿਚ ਆਸਟਰੇਲੀਆ ‘ਏ’ ਨੇ ਫਲਿਨ ਦੇ ਸ਼ਾਨਦਾਰ ਫੀਲਡ ਗੋਲ ਨਾਲ ਸ਼ੁਰੂਆਤੀ ਕੰਟਰੋਲ ਹਾਸਲ ਕਰ ਲਿਆ। ਮੇਜ਼ਬਾਨ ਟੀਮ ਨੇ ਲਗਾਤਾਰ ਦਬਾਅ ਬਣਾਉਣਾ ਜਾਰੀ ਰੱਖਿਆ ਅਤੇ ਇਸ ਤੋਂ ਬਾਅਦ ਡਾਊਨਜ਼ ਅਤੇ ਹੈਰਿਸ ਨੇ ਭਾਰਤੀ ਰੱਖਿਆਤਮਕ ਗਲਤੀਆਂ ਦਾ ਫਾਇਦਾ ਉਠਾਉਂਦੇ ਹੋਏ ਦੋ ਹੋਰ ਫੀਲਡ ਗੋਲ ਕੀਤੇ ਅਤੇ ਪਹਿਲੇ ਕੁਆਰਟਰ ਦਾ ਅੰਤ 3-0 ਨਾਲ ਅੱਗੇ ਹੋ ਗਈ। ਆਸਟਰੇਲੀਆ ‘ਏ’ ਨੇ ਦੂਜੇ ਕੁਆਰਟਰ ’ਚ ਵੀ ਭਾਰਤੀ ਡਿਫੈਂਸ ’ਤੇ ਲਗਾਤਾਰ ਦਬਾਅ ਬਣਾਇਆ। ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕਰਨ ਤੋਂ ਬਾਅਦ ਸਟੀਵਰਟ ਨੇ ਇਕ ਨੂੰ ਗੋਲ ’ਚ ਬਦਲ ਕੇ ਟੀਮ ਨੂੰ 4-0 ਨਾਲ ਅੱਗੇ ਕਰ ਦਿਤਾ।
ਸ਼ੁਰੂਆਤੀ ਹਮਲੇ ਦੇ ਬਾਵਜੂਦ ਭਾਰਤ ਨੇ ਲਚਕੀਲਾਪਣ ਵਿਖਾਇਆ ਅਤੇ ਟੇਟੇ ਨੇ ਤੇਜ਼ ਫੀਲਡ ਗੋਲ ਨਾਲ ਭਾਰਤੀ ਟੀਮ ਵਿਚ ਕੁੱਝ ਊਰਜਾ ਦਾ ਸੰਚਾਰ ਕੀਤਾ। ਮੇਜ਼ਬਾਨ ਟੀਮ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਇਨਾਮ ਮਿਲਿਆ ਜਦੋਂ ਫਿਟਜ਼ਪੈਟ੍ਰਿਕ ਨੇ ਅਪਣੀ ਟੀਮ ਲਈ ਇਕ ਹੋਰ ਗੋਲ ਕਰ ਕੇ ਸਕੋਰ 5-1 ਕਰ ਦਿਤਾ।
ਭਾਰਤੀ ਟੀਮ ਨੇ ਜਵਾਬੀ ਹਮਲਾ ਕੀਤਾ ਅਤੇ ਕੋਸ਼ਿਸ਼ਾਂ ਦਾ ਫਲ ਉਦੋਂ ਮਿਲਿਆ ਜਦੋਂ ਉਪ ਕਪਤਾਨ ਨਵਨੀਤ ਨੇ ਗੇਂਦ ਨੂੰ ਜਾਲ ’ਚ ਮਾਰਿਆ, ਜਿਸ ਨਾਲ ਫ਼ਰਕ ਘੱਟ ਹੋ ਗਿਆ।
ਆਖ਼ਰੀ ਕੁਆਰਟਰ ’ਚ ਦੋਹਾਂ ਟੀਮਾਂ ਨੇ ਗੋਲ ਕਰਨ ਦੇ ਮੌਕੇ ਪੈਦਾ ਕੀਤੇ। ਭਾਰਤ ਨੇ ਇਕ ਵਾਰ ਫਿਰ ਅਪਣੀ ਲੜਾਈ ਦਾ ਜਜ਼ਬਾ ਵਿਖਾ ਇਆ ਜਦੋਂ ਲਾਲਰੇਮਸਿਆਮੀ ਨੇ ਸ਼ਾਨਦਾਰ ਫੀਲਡ ਗੋਲ ਕਰ ਕੇ ਵਾਪਸੀ ਦੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ। ਪਰ ਕੁੱਝ ਦੇਰ ਦੇ ਦਬਾਅ ਦੇ ਬਾਵਜੂਦ ਭਾਰਤ ਦੁਬਾਰਾ ਗੋਲ ਨਹੀਂ ਕਰ ਸਕਿਆ।
ਇਕਜੁੱਟਤਾ ਦਾ ਸੰਕੇਤ ਦਿੰਦੇ ਹੋਏ ਭਾਰਤੀ ਖਿਡਾਰੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ’ਚ ਮਾਰੇ ਗਏ ਬੇਕਸੂਰ ਲੋਕਾਂ ਦੇ ਮਾਰੇ ਜਾਣ ’ਤੇ ਸੋਗ ਪ੍ਰਗਟਾਉਣ ਲਈ ਮੈਚ ਦੌਰਾਨ ਬਾਂਹ ’ਤੇ ਕਾਲੀ ਪੱਟੀਆਂ ਬੰਨ੍ਹੀਆਂ ਸਨ। ਟੀਮ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੇ ਸਨਮਾਨ ਅਤੇ ਯਾਦ ਵਜੋਂ ਆਸਟਰੇਲੀਆ ਦੌਰੇ ਦੇ ਬਾਕੀ ਬਚੇ ਸਮੇਂ ਲਈ ਬਾਂਹ ’ਤੇ ਕਾਲੀ ਪੱਟੀਆਂ ਬੰਨ੍ਹਣਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਭਾਰਤ ਐਤਵਾਰ ਨੂੰ ਦੌਰੇ ਦੇ ਦੂਜੇ ਮੈਚ ਵਿਚ ਆਸਟਰੇਲੀਆ ‘ਏ’ ਨਾਲ ਦੁਬਾਰਾ ਮਜ਼ਬੂਤੀ ਨਾਲ ਵਾਪਸੀ ਕਰਨ ਦਾ ਟੀਚਾ ਰੱਖੇਗਾ।