
ਬ੍ਰਿਜ ਭੂਸ਼ਣ ਦੇ ਕਰੀਬੀ ਸੰਜੇ ਸਿੰਘ ਦੇ ਡਬਲਿਊ.ਐੱਫ.ਆਈ. ਦਾ ਪ੍ਰਧਾਨ ਬਣਨ ਤੋਂ ਤੀਜੀ ਪੁਰਸਕਾਰ ਵਾਪਸੀ
ਨਵੀਂ ਦਿੱਲੀ: ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਭਰੋਸੇਮੰਦ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦਾ ਪ੍ਰਧਾਨ ਚੁਣੇ ਜਾਣ ਦੇ ਵਿਰੋਧ ’ਚ ਮੰਗਲਵਾਰ ਨੂੰ ਅਪਣਾ ਖੇਲ ਰਤਨ ਅਤੇ ਅਰਜੁਨ ਪੁਰਸਕਾਰ ਸਰਕਾਰ ਨੂੰ ਵਾਪਸ ਕਰ ਦਿਤਾ। ਇਸ ਪਹਿਲਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ’ਚ ਇਹ ਜਾਣਕਾਰੀ ਦਿਤੀ ਹੈ।
ਇਸ ਤੋਂ ਪਹਿਲਾਂ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਡੈਫ਼ਲੰਪਿਕਸ ਚੈਂਪੀਅਨ ਵਰਿੰਦਰ ਸਿੰਘ ਯਾਦਵ ਨੇ ਅਪਣੇ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦਿਤੇ ਸਨ। ਵਿਨੇਸ਼ ਨੇ ਐਕਸ ’ਤੇ ਪੋਸਟ ਕੀਤੀ ਚਿੱਠੀ ’ਚ ਐਲਾਨ ਕੀਤਾ, ‘‘ਮੈਂ ਅਪਣਾ ਮੇਜਰ ਧਿਆਨ ਚੰਦ ਖੇਲ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕਰ ਰਹੀ ਹਾਂ।’’ ਸੰਜੇ ਸਿੰਘ ਨੂੰ ਵੀਰਵਾਰ ਨੂੰ ਡਬਲਿਊ.ਐੱਫ.ਆਈ. ਦਾ ਪ੍ਰਧਾਨ ਚੁਣਿਆ ਗਿਆ ਸੀ। ਬ੍ਰਿਜ ਭੂਸ਼ਣ ਦੇ ਕਰੀਬੀ ਸੰਜੇ ਦੀ ਅਗਵਾਈ ਵਾਲੇ ਧੜੇ ਨੇ ਇਨ੍ਹਾਂ ਚੋਣਾਂ ਵਿਚ 15 ਵਿਚੋਂ 13 ਅਹੁਦਿਆਂ ’ਤੇ ਜਿੱਤ ਹਾਸਲ ਕੀਤੀ ਸੀ।
ਪਹਿਲਵਾਨਾਂ ਨੇ ਪਹਿਲਾਂ ਮੰਗ ਕੀਤੀ ਸੀ ਕਿ ਬ੍ਰਿਜ ਭੂਸ਼ਣ ਦੇ ਨਜ਼ਦੀਕੀ ਕਿਸੇ ਨੂੰ ਵੀ ਡਬਲਿਊ.ਐੱਫ.ਆਈ. ਪ੍ਰਸ਼ਾਸਨ ’ਚ ਨਹੀਂ ਹੋਣਾ ਚਾਹੀਦਾ। ਚੋਣਾਂ ਤੋਂ ਬਾਅਦ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।
ਹਾਲਾਂਕਿ ਖੇਡ ਮੰਤਰਾਲੇ ਨੇ ਫੈਸਲਾ ਲੈਂਦੇ ਸਮੇਂ ਸੰਵਿਧਾਨ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਲਈ ਨਵੇਂ ਚੁਣੇ ਗਏ ਪੈਨਲ ਨੂੰ ਮੁਅੱਤਲ ਕਰ ਦਿਤਾ ਅਤੇ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੂੰ ਕੁਸ਼ਤੀ ਕਰਵਾਉਣ ਲਈ ਐਡਹਾਕ ਪੈਨਲ ਬਣਾਉਣ ਲਈ ਕਿਹਾ।