
ਰਾਹਤ ਦੀ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੂੰ ਸਿਰਫ਼ ਇੱਕ ਡੀਮੈਰਿਟ ਪੁਆਇੰਟ ਦਿਤਾ ਗਿਆ ਹੈ
Virat Kohli Fine: ਮੈਲਬੌਰਨ ਟੈਸਟ ਦੇ ਪਹਿਲੇ ਦਿਨ ਆਸਟਰੇਲੀਆ ਦੇ ਬੱਲੇਬਾਜ਼ ਸੈਮ ਕਾਨਸਟਾਸ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਪਰ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੌਰਾਨ ਵਿਰਾਟ ਕੋਹਲੀ ਨੇ ਉਸ ਨੂੰ ਟੱਕਰ ਮਾਰ ਦਿਤੀ। ਹੁਣ ਵਿਰਾਟ ਕੋਹਲੀ ਨੂੰ ਵੱਡੀ ਸਜ਼ਾ ਮਿਲੀ ਹੈ। ਮੈਚ ਰੈਫ਼ਰੀ ਨੇ ਪਹਿਲੇ ਹੀ ਦਿਨ ਵਿਰਾਟ ਕੋਹਲੀ 'ਤੇ ਜੁਰਮਾਨਾ ਲਗਾਇਆ ਹੈ। ਵਿਰਾਟ ਕੋਹਲੀ ਦੀ ਮੈਚ ਫੀਸ 'ਚ 20 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਖਬਰਾਂ ਮੁਤਾਬਕ ਵਿਰਾਟ ਕੋਹਲੀ ਨੂੰ ਲੈਵਲ 1 ਦਾ ਦੋਸ਼ੀ ਪਾਇਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੂੰ ਸਿਰਫ਼ ਇੱਕ ਡੀਮੈਰਿਟ ਪੁਆਇੰਟ ਦਿਤਾ ਗਿਆ ਹੈ, ਜਿਸ ਦੇ ਮੁਤਾਬਕ ਉਸ ਨੂੰ ਅਗਲੇ ਮੈਚ ਵਿਚ ਮੁਅੱਤਲ ਨਹੀਂ ਹੋਣਾ ਪਵੇਗਾ।
ਮੈਲਬੋਰਨ ਟੈਸਟ ਦੇ ਪਹਿਲੇ ਦਿਨ ਦਾ ਖੇਡ ਖ਼ਤਮ ਹੁੰਦੇ ਹੀ ਵਿਰਾਟ ਕੋਹਲੀ ਮੈਚ ਰੈਫ਼ਰੀ ਐਂਡੀ ਪਾਈਕ੍ਰਾਫਟ ਦੇ ਸਾਹਮਣੇ ਪੇਸ਼ ਹੋਏ। ਉੱਥੇ ਹੀ ਵਿਰਾਟ ਕੋਹਲੀ ਨੇ ਆਪਣਾ ਜੁਰਮ ਕਬੂਲ ਕੀਤਾ। ਇਸ ਤੋਂ ਬਾਅਦ ਮੈਚ ਰੈਫ਼ਰੀ ਨੇ ਵਿਰਾਟ ਕੋਹਲੀ ਦੀ ਮੈਚ ਫ਼ੀਸ ਦਾ 20 ਫ਼ੀ ਸਦੀ ਕੱਟਣ ਦਾ ਹੁਕਮ ਦਿਤਾ।
ਆਸਟਰੇਲੀਆਈ ਪਾਰੀ ਦੇ ਦਸਵੇਂ ਓਵਰ ਤੋਂ ਬਾਅਦ ਜਦੋਂ ਖਿਡਾਰੀ ਇੱਕ ਦੂਜੇ ਦੇ ਕੋਲੋਂ ਲੰਘ ਰਹੇ ਸਨ ਤਾਂ ਕੋਹਲੀ ਅਤੇ ਕੋਨਸਟਾਸ ਦਾ ਮੋਢਾ ਇੱਕ-ਦੂਜੇ ਨਾਲ ਟਕਰਾ ਗਿਆ।
ਦੋਵੇਂ ਖਿਡਾਰੀ ਮੁੜੇ ਅਤੇ ਇੱਕ ਦੂਜੇ ਵੱਲ ਦੇਖਣ ਲੱਗੇ ਅਤੇ ਇੱਕ ਦੂਜੇ ਨੂੰ ਕੁਝ ਬੋਲੇ। ਇਸ ਦੌਰਾਨ ਆਸਟ੍ਰੇਲੀਆਈ ਓਪਨਰ ਉਸਮਾਨ ਖ਼ਵਾਜਾ ਨੇ ਆ ਕੇ ਦੋਹਾਂ ਨੂੰ ਅਲੱਗ ਕੀਤਾ। ਮੈਦਾਨ 'ਤੇ ਮੌਜੂਦ ਅੰਪਾਇਰਾਂ ਨੇ ਵੀ ਦੋਵਾਂ ਨਾਲ ਗੱਲ ਕੀਤੀ।
ਕਾਨਸਟਾਸ ਨੇ ਬਾਅਦ ਵਿਚ ਇੱਕ ਚੈੱਨਲ ਨੂੰ ਦਸਿਆ, “ਮੈਨੂੰ ਲਗਦਾ ਹੈ ਕਿ ਇਹ ਅਣਜਾਣੇ ਵਿਚ ਹੋਇਆ ਹੈ। ਜਦੋਂ ਮੈਂ ਆਪਣੇ ਦਸਤਾਨੇ ਪਾ ਰਿਹਾ ਸੀ ਤਾਂ ਅਚਾਨਕ ਕੋਹਲੀ ਦਾ ਮੋਢਾ ਮੇਰੇ ਮੋਢੇ ਨਾਲ ਟਕਰਾ ਗਿਆ। ਇਹ ਸਭ ਕ੍ਰਿਕਟ ਵਿੱਚ ਹੁੰਦਾ ਰਹਿੰਦਾ ਹੈ।
ਕਾਨਸਟਾਸ ਉਸ ਸਮੇਂ 27 ਦੌੜਾਂ ਬਣਾ ਕੇ ਖੇਡ ਰਿਹਾ ਸੀ। ਉਸ ਨੇ ਅਗਲੇ ਓਵਰ ਵਿਚ ਜਸਪ੍ਰੀਤ ਬੁਮਰਾਹ ਨੂੰ ਦੋ ਚੌਕੇ ਅਤੇ ਇੱਕ ਛੱਕਾ ਜੜਿਆ। ਅਰਧ ਸੈਂਕੜਾ ਜੜਨ ਤੋਂ ਬਾਅਦ ਉਹ ਰਵਿੰਦਰ ਜਡੇਜਾ ਦੀ ਗੇਂਦ 'ਤੇ ਐੱਲ.ਬੀ.ਡਬਲਯੂ ਆਊਟ ਹੋ ਗਏ।