
ਪੁਰਸ਼ ਅਤੇ ਮਹਿਲਾ ‘ਕ੍ਰਿਕਟਰ ਆਫ ਦਿ ਈਅਰ’ ਦੇ ਆਖਰੀ ਦੋ ਪੁਰਸਕਾਰਾਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ
ਦੁਬਈ : ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦਾ ਸਾਲ ਦਾ ਬਿਹਤਰੀਨ ਟੈਸਟ ਕ੍ਰਿਕਟਰ ਚੁਣਿਆ ਗਿਆ ਜਦਕਿ ਹਮਲਾਵਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਬਿਹਤਰੀਨ ਮਹਿਲਾ ਵਨਡੇ ਖਿਡਾਰੀ ਚੁਣਿਆ ਗਿਆ।
ਆਈ.ਸੀ.ਸੀ. ਨੇ ਸ਼ੁਕਰਵਾਰ ਤੋਂ ਸ਼ੁਰੂ ਹੋਈ ਪ੍ਰਕਿਰਿਆ ਨੂੰ ਜਾਰੀ ਰਖਦੇ ਹੋਏ ਸੋਮਵਾਰ ਨੂੰ ਤਿੰਨ ਹੋਰ ਪੁਰਸਕਾਰ ਜੇਤੂਆਂ ਦਾ ਐਲਾਨ ਕੀਤਾ। ਪੁਰਸ਼ ਅਤੇ ਮਹਿਲਾ ‘ਕ੍ਰਿਕਟਰ ਆਫ ਦਿ ਈਅਰ’ ਦੇ ਆਖਰੀ ਦੋ ਪੁਰਸਕਾਰਾਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ। ਬੁਮਰਾਹ ਸਾਲ ਦੀ ਟੈਸਟ ਟੀਮ ’ਚ ਚੁਣੇ ਜਾਣ ਤੋਂ ਬਾਅਦ ਦੋਹਰਾ ਵਿਅਕਤੀਗਤ ਪੁਰਸਕਾਰ ਜਿੱਤਣ ਦੀ ਦੌੜ ’ਚ ਹਨ।
ਬੁਮਰਾਹ ਨੇ ਪਿਛਲੇ 12 ਮਹੀਨਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ’ਚ ਉਸ ਨੇ ਲਗਭਗ ਸਾਰੀਆਂ ਵਿਰੋਧੀ ਟੀਮਾਂ ’ਤੇ ਦਬਦਬਾ ਬਣਾਇਆ ਅਤੇ ਸਿਰਫ 13 ਮੈਚਾਂ ’ਚ 14.92 ਦੀ ਪ੍ਰਭਾਵਸ਼ਾਲੀ ਔਸਤ ਨਾਲ 71 ਵਿਕਟਾਂ ਲਈਆਂ। ਬੁਮਰਾਹ ਨੇ 2024 ’ਚ ਟੈਸਟ ਕ੍ਰਿਕਟ ’ਚ 357 ਓਵਰ ਗੇਂਦਬਾਜ਼ੀ ਕੀਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਦਾ ਸਟ?ਰਾਈਕ ਰੇਟ ਸਿਰਫ 30.1 ਰਿਹਾ ਸੀ।
ਇੰਗਲੈਂਡ ਅਤੇ ਬੰਗਲਾਦੇਸ਼ ਵਿਰੁਧ ਘਰੇਲੂ ਸੀਰੀਜ਼ ਜਿੱਤਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੁਮਰਾਹ ਰਵੀਚੰਦਰਨ ਅਸ਼ਵਿਨ, ਅਨਿਲ ਕੁੰਬਲੇ ਅਤੇ ਕਪਿਲ ਦੇਵ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਇਕ ਕੈਲੰਡਰ ਸਾਲ ’ਚ 70 ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਭਾਰਤ ਦੇ ਚੌਥੇ ਗੇਂਦਬਾਜ਼ ਬਣ ਗਏ ਹਨ।
ਉਨ੍ਹਾਂ ਕਿਹਾ, ‘‘ਮੈਂ ਪੁਰਸ਼ ਟੈਸਟ ਕ੍ਰਿਕਟਰ ਆਫ ਦਿ ਈਅਰ ਦਾ ਪੁਰਸਕਾਰ ਪ੍ਰਾਪਤ ਕਰ ਕੇ ਬਹੁਤ ਖੁਸ਼ ਹਾਂ। ਇਹ ਫਾਰਮੈਟ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਿਹਾ ਹੈ। ਪਿਛਲਾ ਸਾਲ ਖਾਸ ਸੀ, ਸਿੱਖਣ ਅਤੇ ਜਿੱਤਣ ਲਈ ਬਹੁਤ ਕੁੱਝ ਸੀ।’’
ਮੰਧਾਨਾ ਨੂੰ ਆਈਸੀਸੀ ਦੀ ਸਾਲ ਦੀ ਸਰਵੋਤਮ ਮਹਿਲਾ ਵਨਡੇ ਕ੍ਰਿਕਟਰ ਚੁਣਿਆ ਗਿਆ
ਦੁਬਈ : ਭਾਰਤ ਦੀ ਕ੍ਰਿਸ਼ਮਈ ਓਪਨਰ ਸਮ੍ਰਿਤੀ ਮੰਧਾਨਾ ਨੂੰ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਸਾਲ 2024 ਦੀ ਸਰਵੋਤਮ ਮਹਿਲਾ ਇਕ ਰੋਜ਼ਾ ਕ੍ਰਿਕਟਰ ਚੁਣਿਆ। ਭਾਰਤ ਦੀ ਉਪ-ਕਪਤਾਨ ਮੰਧਾਨਾ ਨੇ 2024 ਵਿੱਚ 13 ਪਾਰੀਆਂ ਵਿੱਚ 747 ਦੌੜਾਂ ਬਣਾਈਆਂ, ਜੋ ਕਿ ਇਕ ਕੈਲੰਡਰ ਸਾਲ ਵਿਚ ਉਸ ਦਾ ਸੱਭ ਤੋਂ ਵਧੀਆ ਪ੍ਰਦਰਸ਼ਨ ਹੈ। ਖੱਬੇ ਹੱਥ ਦਾ ਇਹ ਬੱਲੇਬਾਜ਼ 2024 ਵਿਚ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਸੀ। ਉਸ ਤੋਂ ਬਾਅਦ ਲੌਰਾ ਵੋਲਵਾਰਡਟ (697 ਦੌੜਾਂ), ਟੈਮੀ ਬਿਊਮੋਂਟ (554 ਦੌੜਾਂ) ਅਤੇ ਹੇਲੀ ਮੈਥਿਊਜ਼ (469 ਦੌੜਾਂ) ਦਾ ਨੰਬਰ ਆਉਂਦਾ ਹੈ।