ਭਾਰਤੀ ਗੇਂਦਬਾਜ਼ ਸੋਹਣੀ ਨੂੰ ਤੋਹਫ਼ੇ ਵਜੋਂ ਬ੍ਰੈਡਮੈਨ ਨੇ ਭੇਟ ਕੀਤੀ ਸੀ ਇਹ ਟੋਪੀ
ਨਵੀਂ ਦਿੱਲੀ : ਆਸਟਰੇਲੀਆ ਦੇ ਮਹਾਨ ਕ੍ਰਿਕਟਰ ਸਰ ਡੋਨਾਲਡ (ਡੌਨ) ਬ੍ਰੈਡਮੈਨ ਦੀ 'ਬੈਗੀ ਗ੍ਰੀਨ' ਟੋਪੀ ਦੀ ਨਿਲਾਮੀ ਕੀਤੀ ਗਈ ਹੈ। ਗੋਲਡ ਕੋਸਟ ਵਿੱਚ ਹੋਈ ਨਿਲਾਮੀ ਵਿੱਚ ਇੱਕ ਅਣਪਛਾਤੇ ਖਰੀਦਦਾਰ ਨੇ ਇਸ ਨੂੰ 460,000 ਆਸਟਰੇਲੀਆਈ ਡਾਲਰ (ਲਗਭਗ 2.92 ਕਰੋੜ ਰੁਪਏ) ਵਿੱਚ ਖਰੀਦਿਆ । ਇਹ ਉਹੀ ਟੋਪੀ ਹੈ ਜੋ ਬ੍ਰੈਡਮੈਨ ਨੇ 1947-48 ਵਿੱਚ ਸੁਤੰਤਰ ਭਾਰਤ ਖ਼ਿਲਾਫ਼ ਪਹਿਲੀ ਟੈਸਟ ਸੀਰੀਜ਼ ਦੌਰਾਨ ਪਹਿਨੀ ਸੀ।
ਬ੍ਰੈਡਮੈਨ ਨੇ ਆਪਣੀ ਆਖਰੀ ਘਰੇਲੂ ਟੈਸਟ ਸੀਰੀਜ਼ (1947-48) ਤੋਂ ਬਾਅਦ ਇਹ ਟੋਪੀ ਭਾਰਤੀ ਓਪਨਿੰਗ ਗੇਂਦਬਾਜ਼ ਸ਼੍ਰੀਰੰਗਾ ਸੋਹਣੀ (ਐਸ.ਡਬਲਯੂ. ਸੋਹਣੀ) ਨੂੰ ਤੋਹਫ਼ੇ ਵਜੋਂ ਦਿੱਤੀ। ਸੋਹਣੀ ਪਰਿਵਾਰ ਨੇ ਇਸ ਨੂੰ ਲਗਭਗ 75 ਸਾਲਾਂ ਤੱਕ ਸੁਰੱਖਿਅਤ ਰੱਖਿਆ ਅਤੇ ਇਸ ਨੂੰ ਕਦੇ ਵੀ ਜਨਤਕ ਤੌਰ 'ਤੇ ਪ੍ਰਦਰਸ਼ਿਤ ਨਹੀਂ ਕੀਤਾ।
ਲਾਇਡਜ਼ ਨਿਲਾਮੀ ਦੇ ਸੀਓਓ ਲੀ ਹੇਮਜ਼ ਨੇ ਇਸ ਟੋਪੀ ਨੂੰ "ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਕੀਮਤੀ ਖਜ਼ਾਨਾ" ਦੱਸਿਆ । ਉਨ੍ਹਾਂ ਕਿਹਾ ਕਿ ਇਹ ਟੋਪੀ ਤਿੰਨ ਪੀੜ੍ਹੀਆਂ ਤੋਂ ਬੰਦ ਕਰਕੇ ਰੱਖੀ ਗਈ ਸੀ। ਪਰਿਵਾਰ ਦਾ ਇੱਕ ਨਿਯਮ ਸੀ ਕਿ ਜਦੋਂ ਪਰਿਵਾਰ ਕੋਈ ਮੈਂਬਰ 16 ਸਾਲ ਦਾ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਸਿਰਫ਼ ਪੰਜ ਮਿੰਟ ਲਈ ਕੈਪ ਦੇਖਣ ਦੀ ਆਗਿਆ ਦਿੱਤੀ ਜਾਂਦੀ ਸੀ।
ਭਾਰਤੀ ਕ੍ਰਿਕਟਰ ਸ਼੍ਰੀਰੰਗਾ ਸੋਹਣੀ ਨੇ 1947-48 ਦੀ ਲੜੀ ਦਾ ਸਿਰਫ਼ ਪਹਿਲਾ ਟੈਸਟ ਮੈਚ ਖੇਡਿਆ। ਭਾਵੇਂ ਉਹ ਵਿਕਟ ਨਹੀਂ ਲੈ ਸਕਿਆ, ਪਰ ਉਸ ਨੇ ਉਸ ਮੈਚ ਦੀ ਪਹਿਲੀ ਗੇਂਦ ਸੁੱਟੀ ਸੀ । ਇਹ ਸੁਤੰਤਰ ਭਾਰਤ ਦੇ ਕ੍ਰਿਕਟ ਇਤਿਹਾਸ ਦੀ ਪਹਿਲੀ ਗੇਂਦ ਵੀ ਸੀ । ਇਸ ਮੈਚ ਤੋਂ ਬਾਅਦ ਬ੍ਰੈਡਮੈਨ ਨੇ ਸੋਹਣੀ ਨੂੰ ਯਾਦਗਾਰੀ ਚਿੰਨ੍ਹ ਵਜੋਂ ਆਪਣੀ ਕੈਪ ਦਿੱਤੀ।
