
ਭਾਰਤੀ ਟੀਮ ਫ਼ਾਈਨਲ ਦੀ ਦੌੜ ਤੋਂ ਬਾਹਰ
ਆਸਟ੍ਰੇਲੀਆ ਦੀ ਮਹਿਲਾ ਟੀਮ ਨੇ ਭਾਰਤ ਨੂੰ ਮੌਜੂਦਾ ਟੀ-20 ਤਿਕੋਣੀ ਲੜੀ 'ਚ 36 ਦੌੜਾਂ ਨਾਲ ਨੂੰ ਹਰਾਇਆ। ਇਸ ਨਾਲ ਮੇਜ਼ਬਾਨ ਟੀਮ ਟੂਰਨਾਮੈਂਟ ਦੇ ਫ਼ਾਈਨਲ ਵਿਚ ਨਹੀਂ ਖੇਡੇਗੀ। ਆਸਟ੍ਰੇਲੀਆ ਨੇ ਪਹਿਲਾਂ 20 ਓਵਰਾਂ 'ਚ 5 ਵਿਕਟਾਂ 'ਤੇ 186 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਟੀਮ 5 ਵਿਕਟਾਂ 'ਤੇ 150 ਦੌੜਾਂ ਬਣਾ ਸਕੀ।ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਆਸਟ੍ਰੇਲੀਆ ਨੂੰ ਪਹਿਲਾ ਝਟਕਾ ਹਿਲੀ (9) ਦੇ ਰੂਪ ਵਿਚ ਮਿਲਿਆ, ਜੋ ਉਪਾਸਨਾ ਦੀ ਸ਼ਿਕਾਰ ਬਣੀ। ਇਸ ਤੋਂ ਬਾਅਦ ਪੂਜਾ ਨੇ ਗਾਰਡਨਰ ਨੂੰ 17 ਦੌੜਾਂ ਦੇ ਨਿੱਜੀ ਸਕੋਰ 'ਤੇ ਸਾਫ਼ ਕੀਤਾ। ਜਲਦੀ ਹੀ 2 ਵਿਕਟਾਂ ਡਿੱਗਣ ਤੋਂ ਬਾਅਦ ਮੁਨੀ ਨੇ ਕਰੀਜ਼ 'ਤੇ ਹਮਲਾਵਰ ਬੱਲੇਬਾਜ਼ੀ ਕੀਤੀ। ਉਸ ਨੇ 46 ਗੇਂਦਾਂ ਦਾ ਸਾਹਮਣਾ ਕਰਦਿਆਂ 71 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਵਿਲਾਨੀ (61) ਨਾਲ ਮਿਲ ਕੇ ਤੀਜੇ ਵਿਕਟ ਲਈ 114 ਦੌੜਾਂ ਬਣਾਈਆਂ।
Cricket
ਦੋਵਾਂ ਦੇ ਆਊਟ ਹੋਣ ਤੋਂ ਬਾਅਦ ਕੰਗਾਰੂ ਟੀਮ ਦੀ ਦੌੜਾਂ ਦੀ ਔਸਤ ਪ੍ਰਭਾਵਤ ਹੋਈ ਪਰ ਅੰਤ ਵਿਚ ਟੀਮ ਨੇ 5 ਵਿਕਟਾਂ ਲਈ 186 ਦੌੜਾਂ ਬਣਾਈਆਂ। ਭਾਰਤ ਲਈ ਪੂਜਾ ਵਾਸਰਾਮ 2 ਤੇ ਗੋਸਵਾਮੀ, ਪੂਨਮ ਯਾਦਵ ਤੇ ਰਾਧਾ ਯਾਦਵ 1-1 ਵਿਕਟ ਲਈ।ਟੀਚੇ ਦਾ ਪਿੱਛਾ ਕਰਨ ਵਾਲੀ ਭਾਰਤੀ ਟੀਮ ਦੀ ਹਾਲਤ ਬੇਹੱਦ ਖ਼ਰਾਬ ਰਹੀ। ਮੇਗਨ ਸਕੁਟ ਨੇ ਮਧਾਨਾ (3) ਤੇ ਮਿਤਾਲੀ ਰਾਜ (0) ਨੂੰ ਲਗਾਤਾਰ ਗੇਂਦਾਂ 'ਤੇ ਆਊਟ ਕੀਤਾ। ਇਕ ਵਾਰ ਕੁੱਲ 15 ਦੌੜਾਂ ਸਨ ਤੇ ਉਸ ਤੋਂ ਬਾਅਦ ਦਿਪਤੀ ਸ਼ਰਮਾ ਦੀ ਵਿਕਟ ਵੀ ਡਿੱਗ ਗਈ। ਜੇਮਿਮਾ ਰੌਡਰਿਗਜ਼ ਦੂਜੇ ਪਾਸੇ ਖੜ੍ਹੀ ਸੀ ਅਤੇ ਉਹ ਵਿਕਟਾਂ ਦਾ ਪਤਨ ਦੇਖ ਰਹੀ ਸੀ। ਉਸ ਨੇ 50 ਦੌੜਾਂ ਬਣਾਈਆਂ ਅਤੇ ਕਿਮਿੰਸ ਨਾਲ ਚੰਗੀ ਬੱਲੇਬਾਜ਼ੀ ਕੀਤੀ। ਹਰਮਨਪ੍ਰੀਤ ਕੌਰ ਨੇ 33 ਤੇ ਅਨੁਜ ਪਾਟਿਲ ਨੇ ਅਜੇਤੂ 38 ਦੌੜਾਂ ਬਣਾਈਆਂ ਅਤੇ ਪੂਰੀ ਟੀਮ 5 ਵਿਕਟਾਂ 'ਤੇ 150 ਦੌੜਾਂ ਬਣਾ ਸਕੀ ਤੇ ਮੈਚ 36 ਦੌੜਾਂ ਨਾਲ ਗਵਾ ਲਿਆ। 28 ਮਾਰਚ ਨੂੰ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੈ, ਪਰ ਜੇ ਉਹ ਜਿੱਤ ਵੀ ਲੈਂਦੇ ਹਨ ਤਾਂ ਵੀ ਭਾਰਤ ਫ਼ਾਈਨਲ ਵਿਚ ਨਹੀਂ ਜਾ ਸਕੇਗਾ, ਕਿਉਂ ਕਿ ਟੀਮ ਤਿੰਨ ਮੈਚ ਹਾਰ ਕੇ ਫ਼ਾਈਨਲ ਦੀ ਦੌੜ 'ਚੋਂ ਬਾਹਰ ਹੋ ਗਈ ਹੈ। (ਏਜੰਸੀ)