ਆਸਟ੍ਰੇਲੀਆ ਦੌਰੇ ਦੇ ਅਪਣੇ ਪੰਜਵੇਂ ਅਤੇ ਆਖ਼ਰੀ ਮੈਚ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਐਡੀਲੇਡ : ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਦੌਰੇ ਦੇ ਅਪਣੇ ਪੰਜਵੇਂ ਅਤੇ ਆਖ਼ਰੀ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਨੀਵਾਰ ਨੂੰ ਇਥੇ ਆਸਟ੍ਰੇਲੀਆ ਏ ਨੂੰ 2-1 ਨਾਲ ਹਰਾ ਦਿਤਾ। ਭਾਰਤ ਲਈ ਨਵਨੀਤ ਕੌਰ (10ਵੇਂ ਮਿੰਟ) ਅਤੇ ਦੀਪ ਗ੍ਰੇਸ ਏਕਾ (25ਵੇਂ ਮਿੰਟ) ਨੇ ਗੋਲ ਕੀਤੇ। ਆਸਟ੍ਰੇਲੀਆ ਏ ਲਈ ਏਬੀਗੇਲ ਵਿਲਸਨ (22') ਨੇ ਇਕਲੌਤਾ ਗੋਲ ਕੀਤਾ।
ਪਿਛਲੇ ਮੈਚ ਵਿਚ 3-2 ਨਾਲ ਜਿੱਤ ਦਰਜ ਕਰਨ ਵਾਲੀ ਆਸਟ੍ਰੇਲੀਆ ਏ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਗੁਰਜੀਤ ਕੌਰ ਨੇ ਭਾਰਤੀ ਡਿਫ਼ੈਂਸ ਵਿਚ ਸਥਿਰ ਰਹੀ ਅਤੇ ਵਿਰੋਧੀ ਟੀਮ ਨੂੰ ਦਾਇਰੇ ਵਿਚ ਨਹੀਂ ਵੜਨ ਦਿਤਾ। ਭਾਰਤ ਨੇ ਇਸ ਤੋਂ ਬਾਅਦ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕਰ ਕੇ ਆਸਟ੍ਰੇਲੀਆ ਏ 'ਤੇ ਦਬਾਅ ਬਣਾਇਆ। ਨਵਨੀਤ ਕੌਰ ਨੇ ਰਿਵਰਸ ਹਿੱਟ ਤੋਂ ਭਾਰਤ ਲਈ ਪਹਿਲਾ ਗੋਲ ਕੀਤਾ।
ਇਹ ਵੀ ਪੜ੍ਹੋ: ਮਨੁੱਖੀ ਤਸਕਰੀ ਅਤੇ ਜਾਅਲੀ ਏਜੰਟਾਂ ਵਿਰੁਧ ਕਾਰਵਾਈ ਲਈ ਪੰਜਾਬ ਸਰਕਾਰ ਨੇ ਬਣਾਈ SIT
ਭਾਰਤ ਨੇ ਦੂਜੇ ਕੁਆਰਟਰ ਵਿਚ ਅਪਣੀ ਗਤੀ ਬਰਕਰਾਰ ਰੱਖੀ ਪਰ ਆਸਟ੍ਰੇਲੀਆਈਆਂ ਨੇ ਜਵਾਬੀ ਹਮਲਾ ਕੀਤਾ। ਭਾਰਤੀ ਗੋਲਕੀਪਰ ਸਵਿਤਾ ਨੇ ਹਾਲਾਂਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ 'ਤੇ ਪਾਣੀ ਫੇਰ ਦਿਤਾ। ਆਸਟ੍ਰੇਲੀਆ ਏ ਨੇ ਫਿਰ ਅਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ ਨੂੰ ਅਬੀਗੇਲ ਨੇ ਬਦਲਣ ਵਿਚ ਕੋਈ ਗ਼ਲਤੀ ਨਹੀਂ ਕੀਤੀ। ਹਾਲਾਂਕਿ ਇਸ ਤੋਂ ਤੁਰਤ ਬਾਅਦ ਭਾਰਤ ਨੇ ਪੈਨਲਟੀ ਕਾਰਨਰ ਜਿਤਿਆ, ਜਿਸ ਨੂੰ ਏਕਾ ਨੇ ਗੋਲ ਕਰ ਕੇ ਟੀਮ ਨੂੰ ਮੁੜ ਬੜ੍ਹਤ ਦਿਵਾਈ।
ਦੂਜੇ ਅੱਧ ਦੇ ਸ਼ੁਰੂ ਵਿਚ ਵੰਦਨਾ ਕਟਾਰੀਆ ਦੇ ਯਤਨਾਂ ਸਦਕਾ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਆਸਟ੍ਰੇਲੀਆ ਇਸ ਦਾ ਬਚਾਅ ਕਰਨ ਵਿਚ ਕਾਮਯਾਬ ਰਿਹਾ। ਇਸ ਤੋਂ ਬਾਅਦ ਵੀ ਭਾਰਤੀ ਟੀਮ ਨੇ ਮੱਧ ਲਾਈਨ 'ਚ ਨੇਹਾ ਗੋਇਲ ਦੇ ਵਧੀਆ ਪ੍ਰਦਰਸ਼ਨ ਨਾਲ ਆਸਟ੍ਰੇਲੀਆਈ ਟੀਮ 'ਤੇ ਦਬਾਅ ਬਣਾਈ ਰਖਿਆ।
ਵੰਦਨਾ ਨੇ ਅਪਣੀ ਚੰਗੀ ਫਾਰਮ ਜਾਰੀ ਰੱਖੀ ਅਤੇ ਚੌਥੇ ਕੁਆਰਟਰ ਦੀ ਸ਼ੁਰੂਆਤ 'ਚ ਭਾਰਤੀ ਟੀਮ ਪੂਰੀ ਤਰ੍ਹਾਂ ਹਾਵੀ ਰਹੀ। ਇਸ ਤੋਂ ਬਾਅਦ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਆਸਟ੍ਰੇਲੀਆਈ ਡਿਫ਼ੈਂਸ ਨੇ ਇਸ ਦਾ ਚੰਗੀ ਤਰ੍ਹਾਂ ਬਚਾਅ ਕੀਤਾ।