
ਫ਼ੀਫ਼ਾ ਵਿਸ਼ਵ ਕੱਪ ਦਾ ਅੱਜ ਡੈਨਮਾਰਕ ਅਤੇ ਫ਼ਰਾਂਸ ਵਿਚਾਲੇ ਹੋਇਆ ਮੈਚ ਭਾਵੇਂ ਡਰਾਅ ਰਿਹਾ ਪਰ ਇਸ ਡਰਾਅ ਨਾਲ ਡੈਨਮਾਰਕ ਦੀ ਟੀਮ 16 ਸਾਲ ਬਾਅਦ ਆਖ਼ਰੀ....
ਮਾਸਕੋ, ਫ਼ੀਫ਼ਾ ਵਿਸ਼ਵ ਕੱਪ ਦਾ ਅੱਜ ਡੈਨਮਾਰਕ ਅਤੇ ਫ਼ਰਾਂਸ ਵਿਚਾਲੇ ਹੋਇਆ ਮੈਚ ਭਾਵੇਂ ਡਰਾਅ ਰਿਹਾ ਪਰ ਇਸ ਡਰਾਅ ਨਾਲ ਡੈਨਮਾਰਕ ਦੀ ਟੀਮ 16 ਸਾਲ ਬਾਅਦ ਆਖ਼ਰੀ 16 ਵਿਚ ਪੁੱਜੀ ਹੈ ਅਤੇ ਫ਼ਰਾਂਸ ਦੀ ਟੀਮ ਨੇ ਅਪਣੇ ਗਰੁਪ ਵਿਚ ਸਿਖਰ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਡੈਨਮਾਰਕ ਨੇ ਅਪਣੇ ਦੋ ਮੈਚਾਂ ਵਿਚ ਪੇਰੂ ਨੂੰ 1-0 ਨਾਲ ਹਰਾ ਦਿਤਾ ਸੀ ਜਦਕਿ ਆਸਟ੍ਰੇਲੀਆ ਵਿਰੁਧ ਮੈਚ ਡਰਾਅ ਰਿਹਾ ਸੀ।
ਅੱਜ ਖੇਡੇ ਗਏ ਮੈਚ ਵਿਚ ਫ਼ਰਾਂਸ ਅਤੇ ਡੈਨਮਾਰਕ ਦੇ ਖਿਡਾਰੀਆਂ ਨੇ ਕਾਫ਼ੀ ਜ਼ੋਰਦਾਰ ਖੇਡ ਖੇਡੀ ਪਰ ਦੋਹਾਂ ਵਿਚੋਂ ਕੋਈ ਵੀ ਟੀਮ ਗੋਲ ਕਰਨ ਵਿਚ ਸਫ਼ਲ ਨਾ ਹੋ ਸਕੀ ਅਤੇ ਮੈਚ ਡਰਾਅ ਰਿਹਾ। ਡੈਨਮਾਰਕ ਦੀ ਟੀਮ 16 ਸਾਲ ਬਾਅਦ ਅਗਲੇ ਗੇੜ ਵਿਚ ਜਾਣ 'ਚ ਸਫ਼ਲ ਰਹੀ ਹੈ। ਡੈਨਮਾਰਕ ਅਤੇ ਫ਼ਰਾਂਸ ਵਿਚਾਲੇ ਮੈਚ ਵਿਚ ਕੋਈ ਗੋਲ ਨਾ ਹੋਣ ਨਾਲ ਮੌਜੂਦਾ ਫ਼ੀਫ਼ਾ ਵਿਸ਼ਵ ਕੱਪ ਦੇ ਲਗਭਗ 36 ਮੈਚਾਂ ਤੋਂ ਬਾਅਦ ਮੈਚ ਵਿਚ ਕੋਈ ਗੋਲ ਨਹੀਂ ਹੋਇਆ।
ਲਗਭਗ ਚਾਰ ਸਾਲ ਪਹਿਲਾਂ ਵਿਸ਼ਵ ਕੱਪ ਵਿਚ 9 ਜੁਲਾਈ ਨੂੰ ਅਰਜਨਟੀਨਾ ਅਤੇ ਨੀਦਰਲੈਂਡ ਵਿਚਾਲੇ ਹੋਏ ਮੁਕਾਬਲੇ ਵਿਚ ਵੀ ਕੋਈ ਗੋਲ ਨਹੀਂ ਸੀ ਹੋਇਆ। 1982 ਅਤੇ 1984 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਫ਼ਰਾਂਸ ਲਗਾਤਾਰ ਦੂਜੇ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਪੁੱਜਾ ਹੋਵੇ। ਹੁਣ ਅਗਲੇ ਗੇੜ ਵਿਚ ਫ਼ਰਾਂਸ ਦਾ ਮੁਕਾਬਲਾ ਗਰੁਪ ਡੀ ਵਿਚ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ (ਅਰਜਨਟੀਨਾ ਜਾਂ ਨਾਈਜੀਰੀਆ) ਨਾਲ ਹੋਵੇਗਾ।
ਫ਼ਰਾਂਸ ਅਤੇ ਡੈਨਮਾਰਕ ਵਿਚਾਲੇ ਹੁਣ ਤਕ 16 ਮੈਚ ਖੇਡੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ ਅੱਠ ਮੈਚ ਫ਼ਰਾਂਸ ਨੇ ਅਤੇ 6 ਮੈਚ ਡੈਨਮਾਰਕ ਨੇ ਜਿੱਤੇ ਹਨ ਜਦਕਿ ਦੋ ਮੈਚ ਡਰਾਅ ਰਹੇ। ਵਿਸ਼ਵ ਕੱਪ ਵਿਚ ਇਹ ਦੋਵੇਂ ਟੀਮਾਂ ਤੀਜੀ ਵਾਰ ਇਕ-ਦੂਜੇ ਦੇ ਸਾਹਮਣੇ ਸਨ। (ਏਜੰਸੀ)